ਬੱਸ ਕੰਪਨੀ ਦੀਆਂ ਜ਼ਿੰਮੇਵਾਰੀਆਂ ਤੋਂ ਕੁਤਾਹੀ ਕਰਨ ਵਾਲੇ ਪੰਜਾਬੀ ਦਾ ਲਾਇਸੈਂਸ 7 ਸਾਲ ਲਈ ਰੱਦ

10/27/2017 3:44:03 PM

ਲੰਡਨ,(ਰਾਜਵੀਰ ਸਮਰਾ)— ਪਿਛਲੇ ਦਿਨੀਂ ਬਰਮਿੰਘਮ ਸ਼ਹਿਰ ਦੇ ਟਿਪਟਿਨ ਇਲਾਕੇ ਦੇ ਪੰਜਾਬੀ ਬੱਸ ਆਪਰੇਟਰ ਨੂੰ ਆਪਣੀਆਂ ਜਿੰਮੇਵਾਰੀਆਂ ਦੀ ਪਾਲਣਾ ਨਾ ਕਰਨ ਦੇ ਮਾਮਲੇ 'ਚ ਉਸ ਦਾ ਟਰਾਂਸਪੋਰਟ ਲਾਇਸੈਂਸ ਸੱਤ ਸਾਲਾਂ ਲਈ ਰੱਦ ਕਰ ਦਿੱਤਾ ਗਿਆ ਹੈ। ਵੈੱਸਟ ਮਿਡਲੈਂਡਜ਼ ਟਰੈਫਿਕ ਕਮਿਸ਼ਨਰ ਵਲੋਂ ਕੀਤੀ ਗਈ ਜਾਂਚ ਦੀ ਕਾਰਵਾਈ ਦੌਰਾਨ ਦੱਸਿਆ ਗਿਆ ਸੀ ਕਿ ਟਿਪਟਨ ਅਧਾਰਿਤ ਬੱਸ ਕੰਪਨੀ 'ਸੈਂਡਵਿਲ ਟਰੈਵਲ ਲਿਮਟਿਡ' ਦੇ ਮਾਲਕ ਸੁਖਵਿੰਦਰ ਸਿੰਘ ਦੀ ਕੰਪਨੀ ਦੇ ਕੰਮਕਾਜ ਵਿੱਚ ਕਈ ਗੈਰ-ਜ਼ਿੰਮੇਵਾਰਿਕ ਕਮੀਆਂ ਪਾਈਆਂ ਗਈਆਂ ਸਨ। ਇਨ੍ਹਾਂ ਮੁੱਦਿਆਂ ਵਿੱਚ ਨਵੰਬਰ 2016 ਵਿੱਚ ਉਸ ਦੀ ਇੱਕ ਬੱਸ ਦਾ ਪਹੀਆ ਵੱਡੀ ਏ-ਰੋਡ 'ਤੇ ਨਿਕਲ ਜਾਣਾ ਵੀ ਸ਼ਾਮਲ ਹੈ। ਕੰਪਨੀ ਦੇ ਕਈ ਵਾਹਨਾਂ ਦੀ ਸੁਰੱਖਿਆ ਜਾਂਚ ਵਿੱਚ ਦੇਰੀ ਦਾ ਰਿਕਾਰਡ ਵੀ ਰਿਹਾ ਹੈ। ਇਸ ਤੋਂ ਇਲਾਵਾ ਅਕਤੂਬਰ 2016 ਤੋਂ ਬਾਅਦ ਕੰਪਨੀ ਦੇ ਸਟਾਫ ਵਿੱਚ ਕੋਈ ਵੀ ਸਟਾਫ ਮੈਂਬਰ ਮਕੈਨੀਕਲ ਤੌਰ 'ਤੇ ਕੰਮ ਨਹੀਂ ਕਰ ਰਿਹਾ ਸੀ ਪਰ ਵਾਹਨਾਂ ਦੀ ਸਰਵਿਸ ਕੰਪਨੀ ਵਿੱਚ ਹੀ ਕੀਤੀ ਜਾ ਰਹੀ ਸੀ। ਰਿਪੋਰਟ ਵਿੱਚ ਕਮਿਸ਼ਨਰ ਨੇ ਕਿਹਾ ਕਿ ਸੁਖਵਿੰਦਰ ਸਿੰਘ ਆਪਣੀ ਕੰਪਨੀ ਦੇ ਵਾਹਨਾਂ ਦੀ ਸਹੀ ਸੰਭਾਲ ਰੱਖਣ ਵਿੱਚ ਅਸਫਲ ਰਿਹਾ ਹੈ। ਇਸ ਮਾਮਲੇ ਨੂੰ ਧਿਆਨ 'ਚ ਰੱਖਦਿਆਂ ਕੰਪਨੀ ਦੀਆਂ ਸਥਾਨਕ ਸੇਵਾਵਾਂ 'ਤੇ ਤਿੰਨ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਅਤੇ ਸੁਖਵਿੰਦਰ ਸਿੰਘ ਦਾ ਟਰਾਂਸਪੋਟ ਲਾਇਸੈਂਸ ਸੱਤ ਸਾਲ ਲਈ ਰੱਦ ਕਰ ਦਿੱਤਾ ਗਿਆ ਹੈ। ਸਿੰਘ ਉੱਤੇ ਅਣਮਿੱਥੇ ਸਮੇਂ ਲਈ ਕੋਈ ਟਰਾਂਸਪੋਰਟ ਕੰਪਨੀ ਦਾ ਪ੍ਰਬੰਧ ਸੰਭਾਲਣ ਦੀ ਪਾਬੰਦੀ ਵੀ ਲਗਾਈ ਗਈ ਹੈ।