ਅਟਵਾਲ ਮੁੱਦੇ ''ਤੇ ਹੋਈ ਵੋਟਿੰਗ, ਬਚੀ ਟਰੂਡੋ ਸਰਕਾਰ ਦੀ ਇੱਜਤ

03/24/2018 12:19:34 AM

ਓਟਾਵਾ— ਪ੍ਰਧਾਨ ਮੰਤਰੀ ਟਰੂਡੋ ਦੇ ਭਾਰਤ ਦੌਰੇ ਦੌਰਾਨ ਵਾਪਰੇ ਅਟਵਾਲ ਕਾਂਡ ਦੇ ਸਬੰਧ ਵਿੱਚ ਕੰਜ਼ਰਵੇਟਿਵਾਂ ਨੇ ਆਪੋਜ਼ਿਸ਼ਨ ਡੇਅ ਮੋਸ਼ਨ ਮਤਾ ਰੱਖਿਆ ਸੀ ਕਿ ਸੀਨੀਅਰ ਬਿਊਰੋਕ੍ਰੈਟ ਨੂੰ ਗਵਾਹੀ ਲਈ ਕਮੇਟੀ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਪਰ ਇਸ ਮਤੇ ਖਿਲਾਫ ਵੋਟਾਂ ਪਾ ਕੇ ਲਿਬਰਲਾਂ ਨੇ ਕੰਜ਼ਰਵੇਟਿਵਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ।
ਐਮਪੀਜ਼ ਨੇ ਇਸ ਮਤੇ ਉੱਤੇ ਬਹਿਸ ਕਰਦਿਆਂ ਸਾਰਾ ਦਿਨ ਲੰਘਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ ਡੈਨੀਅਲ ਜੀਨ ਨੂੰ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਪਬਲਿਕ ਸੇਫਟੀ ਐਂਡ ਨੈਸ਼ਨਲ ਸਕਿਊਰਿਟੀ ਕਮੇਟੀ ਸਾਹਮਣੇ ਗਵਾਹੀ ਦੇਣ ਲਈ ਪੇਸ਼ ਹੋਣ ਦੀ ਹਦਾਇਤ ਦੇਣੀ ਚਾਹੀਦੀ ਹੈ ਜਾਂ ਨਹੀਂ। ਇਸ ਮਤੇ ਨੂੰ 111 ਦੇ ਮੁਕਾਬਲੇ 161 ਵੋਟਾਂ ਨਾਲ ਸ਼ਿਕਸਤ ਮਿਲੀ। ਟੋਰੀਜ਼ ਇੱਕ ਵਾਰੀ ਪਹਿਲਾਂ ਵੀ ਇਹ ਕੋਸ਼ਿਸ਼ ਕਰ ਚੁੱਕੇ ਹਨ ਕਿ ਜੀਨ ਕਮੇਟੀ ਸਾਹਮਣੇ ਪੇਸ਼ ਹੋਵੇ ਤਾਂ ਕਿ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਸਕਣ ਕਿ ਉਨ੍ਹਾਂ ਨੇ ਇੱਕ ਵਾਰੀ ਪੱਤਰਕਾਰਾਂ ਨੂੰ ਇਹ ਗੱਲ ਕਿਉਂ ਆਖੀ ਕਿ ਫਰਵਰੀ ਵਿੱਚ ਭਾਰਤ ਸਰਕਾਰ ਦੇ ਕੁੱਝ ਧੜਿਆਂ ਵੱਲੋਂ ਟਰੂਡੋ ਦੇ ਭਾਰਤ ਦੌਰੇ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦਕਿ ਕੁੱਝ ਹੋਰਨਾਂ ਵੱਲੋਂ ਇਸ ਥਿਊਰੀ ਦਾ ਵਿਰੋਧ ਕੀਤਾ ਗਿਆ। 
ਪ੍ਰਧਾਨ ਮੰਤਰੀ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਦੇ ਇੱਕ ਈਵੈਂਟ 'ਚ ਕਤਲ ਦੀ ਕੋਸ਼ਿਸ਼ ਕਰਨ ਵਾਲੇ ਜਸਪਾਲ ਅਟਵਾਲ ਨਾਲ ਖਿਚਵਾਈ ਫੋਟੋ ਦੇ ਸਬੰਧ 'ਚ ਜੀਨ ਵੱਲੋਂ ਪੱਤਰਕਾਰਾਂ ਨੂੰ ਇਹ ਬ੍ਰੀਫਿੰਗ ਦਿੱਤੀ ਗਈ ਸੀ। ਉਸ ਕੋਸ਼ਿਸ਼ ਨੂੰ ਵੀ ਲਿਬਰਲਾਂ ਨੇ ਸਿਰੇ ਨਹੀਂ ਸੀ ਚੜ੍ਹਨ ਦਿੱਤਾ।