ਨੇਪਾਲ ਚੋਣਾਂ : ਖੱਬੇ ਪੱਖੀ ਗਠਜੋੜ ਨੇ 72 ਸੀਟਾਂ ''ਤੇ ਹਾਸਲ ਕੀਤੀ ਜਿੱਤ

12/10/2017 1:15:09 PM

ਕਾਠਮਾਂਡੂ (ਭਾਸ਼ਾ)- ਨੇਪਾਲ ਵਿਚ ਖੱਬੇ ਪੱਖੀ ਗਠਜੋੜ ਸੰਸਦੀ ਚੋਣਾਂ ਵਿਚ ਬਹੁਮਤ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਤੱਕ ਐਲਾਨ ਹੋਈਆਂ 89 ਸੀਟਾਂ ਦੇ ਨਤੀਜਿਆਂ ਵਿਚ 72 ਸੀਟਾਂ 'ਤੇ ਖੱਬੇ ਪੱਖੀ ਗਠਜੋੜ ਜਿੱਤ ਪ੍ਰਾਪਤ ਕਰ ਚੁੱਕਾ ਹੈ। ਇਸ ਇਤਿਹਾਸਿਕ ਚੋਣਾਂ ਨਾਲ ਕਈ ਲੋਕਾਂ ਨੂੰ ਦੇਸ਼ ਵਿਚ ਸਿਆਸੀ ਸਥਿਰਤਾ ਆਉਣ ਦੀ ਉਮੀਦ ਹੈ। ਸਾਬਕਾ ਪ੍ਰਧਾਨ ਮੰਤਰੀ ਕੇ. ਪੀ. ਓਲੀ ਦੀ ਅਗਵਾਈ ਵਾਲੀ ਨੇਕਪਾ-ਐਮਾਲੇ ਅਤੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਦੀ ਅਗਵਾਈ ਵਾਲੀ ਨੇਕਪਾ-ਮਾਓਵਾਦੀ ਨੇ ਸੂਬਾਈ ਅਤੇ ਸੰਸਦੀ ਚੋਣਾਂ ਲਈ ਗਠਜੋੜ ਬਣਾਇਆ ਸੀ। ਚੋਣ ਕਮੀਸ਼ਨ ਵੱਲੋਂ ਜਾਰੀ ਨਤੀਜਿਆਂ ਮੁਤਾਬਕ ਨੇਕਪਾ-ਐਮਾਲੇ ਨੇ 51 ਸੀਟਾਂ ਜਿੱਤ ਲਈਆਂ ਹਨ। ਜਦਕਿ ਉਨ੍ਹਾਂ ਦੇ ਸਹਿਯੋਗੀ ਨੇਕਪਾ-ਮਾਓਵਾਦੀ ਕੇਂਦਰ ਨੇ 21 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਬੀਤੀਆਂ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰਣ ਵਾਲੀ ਸੱਤਾਧਾਰੀ ਨੇਪਾਲੀ ਕਾਂਗਰਸ ਨੂੰ ਸਿਰਫ 10 ਸੀਟਾਂ ਮਿਲੀਆਂ ਹਨ। ਦੋ ਮਧੇਸੀ ਪਾਰਟੀਆਂ ਨੂੰ ਦੋ ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਹੈ। ਜਿੱਥੇ ਸਾਬਕਾ ਪ੍ਰਧਾਨ ਮੰਤਰੀ ਬਾਬੂਰਾਮ ਭੱਟਾਰਾਈ ਦੀ ਅਗਵਾਈ ਵਾਲੀ ਨਵੀਂ ਸ਼ਕਤੀ ਪਾਰਟੀ ਨੇ ਇਕ ਸੀਟ 'ਤੇ ਜਿੱਤ ਦਰਜ ਕੀਤੀ। ਉੱਥੇ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਹੈ। ਬਚੀਆਂ ਹੋਈਆਂ 76 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।