UK ''ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਪੁਰਬ ''ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

03/19/2018 9:57:09 AM

ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਦੇ ਸ਼ਹਿਰ ਬੈੱਡਫੋਰਡ ਵਿਖੇ ਸ਼੍ਰੀ ਗੁਰੂ ਰਵਿਦਾਸ ਸਭਾ ਬੈੱਡਫੋਰਡ ਤੇ ਸਮੂਹ ਸੰਗਤਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641 ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਆਯੋਜਿਤ ਵਿਸ਼ਾਲ ਨਗਰ ਕੀਰਤਨ ਵਿਚ ਯੂ.ਕੇ. ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੀਆ ਸੰਗਤਾਂ ਨੇ ਸ਼ਿਰਕਤ ਕੀਤੀ।

ਗੁਰੂ ਘਰ ਦੇ ਕੀਰਤਨੀ ਜਥੇ ਨੇ ਰਸ ਭਿੰਨੇ ਕੀਰਤਨ  ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਵਿਸ਼ਾਲ ਨਗਰ ਕੀਰਤਨ ਦੇ ਪ੍ਰਬੰਧਕ ਜਸਵਿੰਦਰ ਕੁਮਾਰ ਨਿਗਾਹ, ਪ੍ਰਿਥਵੀ ਰਾਜ ਰੰਧਾਵਾ, ਹੰਸ ਰਾਜ ਨਿਗਾਹ, ਦਿਲਬਾਗ ਬੰਗੜ,   ਸੁੱਚਾ ਰਾਮ ਪਾਹੁਲ ਆਦਿ ਦੇ ਉਪਰਾਲੇ ਨਾਲ ਸਜਾਏ ਗਏ ਨਗਰ ਕੀਰਤਨ ਵਿਚ ਸੰਸਦ ਮੈਬਰ ਮੁਹੰਮਦ ਯਾਸੀਨ, ਬੈੱਡਫੋਰਡ ਦੇ ਮੇਅਰ ਡੈਵ ਹੋਜਸਨ, ਜੇਮਜ਼ ਵੈਲਨਟਾਈਨ, ਕੌਂਸਲਰ ਕੋਲਿਨ ਐਟਕਨ, ਵਿਨੋਦ ਟੇਲਰ, ਕੌਂਸਲਰ ਚਰਨਕੰਵਲ ਸਿੰਘ ਸੇਖੋਂ, ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਡੀ. ਪੀ. ਸਿੰਘ, ਯੋਗਰਾਜ ਅਹੀਰ, ਭੁਪਿੰਦਰ ਸਿੰਘ ਸੋਹੀ, ਮੇਜਰ ਸਿੰਘ ਯੂ. ਕੇ. ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ।

ਇਨ੍ਹਾਂ ਨੂੰ ਪ੍ਰਬੰਧਕਾਂ ਵੱਲੋ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਜਸਵਿੰਦਰ ਕੁਮਾਰ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਸਮਾਂ ਦਲਿਤ ਸਮਾਜ ਲਈ ਬਹੁਤ ਹੀ ਜ਼ਿਆਦਾ ਵਿਚਾਰਨ ਅਤੇ ਸਮਝਣ ਵਾਲਾ ਸਮਾਂ ਹੈ। ਲੋੜ ਹੈ ਅੱਜ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਦਾ ਝੰਡਾ ਪੂਰੀ ਦੁਨੀਆ ਵਿਚ ਘਰ-ਘਰ ਪਹੁੰਚਾਉਣ ਦੀ। ਵਿਸ਼ਾਲ ਨਗਰ ਕੀਰਤਨ ਦਾ ਸ਼ਹਿਰ ਵਾਸੀਆਂ ਵੱਲੋ ਵੱਖ-ਵੱਖ ਥਾਵਾਂ 'ਤੇ ਸਵਾਗਤ ਕੀਤਾ ਗਿਆ।

ਸੰਗਤਾਂ ਦੇ ਛੱਕਣ ਲਈ ਚਾਹ, ਪਕੌੜੇ, ਕੋਲਡ ਡ੍ਰਿੰਕਸ, ਪਾਣੀ ਅਤੇ ਵੱਖ-ਵੱਖ ਪਦਾਰਥਾਂ ਦੇ ਸਟਾਲ ਵੀ ਲਗਾਏ ਗਏ। ਆਗਮਨ ਪੁਰਬ ਵਿਚ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਟੁੱਟ ਵਰਤਿਆ।