ਯੂਕਰੇਨ ਦੀਆਂ ਬਾਰੂਦੀ ਸੁੰਰਗਾਂ 2,20,000 ਬੱਚਿਆਂ ਲਈ ਬਣੀਆਂ ਖਤਰਾ

12/21/2017 12:35:52 PM

ਕੀਵ (ਭਾਸ਼ਾ)— ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਇਕ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਮੁਤਾਬਕ ਯੁੱਧ ਪੀੜਤ ਪੂਰਬੀ ਯੂਕਰੇਨ ਦੇ ਲੱਖਾਂ ਬੱਚਿਆਂ 'ਤੇ ਬਾਰੂਦੀ ਸੁੰਰਗਾਂ ਅਤੇ ਹੋਰ ਵਿਸਫੋਟਕ ਹਥਿਆਰਾਂ ਨਾਲ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਅੰਤਰ ਰਾਸ਼ਟਰੀ ਬਾਲ ਫੰਡ (ਯੂਨੀਸੈਫ) ਨੇ ਦੱਸਿਆ ਕਿ ਯੂਕਰੇਨ ਦੀ ਫੌਜ ਅਤੇ ਰੂਸ ਸਮਰਥਿਤ ਬਾਗੀਆਂ ਵਿਚ ਜਾਰੀ ਖੂਨੀ ਸੰਘਰਸ਼ ਕਾਰਨ ਉਨ੍ਹਾਂ 2,20,000 ਬੱਚਿਆਂ ਦੇ ਜੀਵਨ 'ਤੇ ਖਤਰਾ ਬਣਿਆ ਹੋਇਆ ਹੈ, ਜੋ ਬਾਰੂਦੀ ਸੁਰੰਗਾਂ ਅਤੇ ਹੋਰ ਖਤਰਨਾਕ ਵਿਸਫੋਟਕ ਉਪਕਰਨਾਂ ਨਾਲ ਭਰੇ ਹੋਏ ਇਲਾਕਿਆਂ ਵਿਚ ਰਹਿੰਦੇ ਹਨ, ਖੇਡਦੇ ਹਨ ਅਤੇ ਸਕੂਲ ਜਾਂਦੇ ਹਨ। 
ਏਜੰਸੀ ਦੇ ਯੂਕਰੇਨ ਦੇ ਪ੍ਰਤੀਨਿਧੀ ਗੋਈਵਾਨਾ ਬੌਰਬਰਿਸ ਨੇ ਦੱਸਿਆ ,''ਇਹ ਮੰਨਣਯੋਗ ਨਹੀਂ ਹੈ ਕਿ ਚਾਰ ਸਾਲ ਪਹਿਲਾਂ ਜਿਨ੍ਹਾਂ ਥਾਵਾਂ 'ਤੇ ਬੱਚੇ ਸੁਰੱਖਿਅਤ ਤਰੀਕੇ ਨਾਲ ਖੇਡਦੇ ਸਨ, ਉਹ ਹੁਣ ਖਤਰਨਾਕ ਵਿਸਫੋਟਕਾਂ ਨਾਲ ਭਰ ਗਏ ਹਨ।'' ਉਨ੍ਹਾਂ ਨੇ ਕਿਹਾ,''ਸੰਘਰਸ਼ ਵਿਚ ਸ਼ਾਮਲ ਸਾਰੇ ਪੱਖਾਂ ਨੂੰ ਇਨ੍ਹਾਂ ਖਤਰਨਾਕ ਹਥਿਆਰਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ।'' ਰਿਪੋਰਟ ਵਿਚ ਦੱਸਿਆ ਗਿਆ ਕਿ ਜਨਵਰੀ ਤੋਂ ਨਵਬੰਰ ਤੱਕ ਦੇ ਉਪਲਬਧ ਅੰਕੜੇ ਦਰਸਾਉਂਦੇ ਹਨ ਕਿ ਪੂਰਬੀ ਯੂਕਰੇਨ ਦੀ ਸੀਮਾ 'ਤੇ ਸੰਘਰਸ਼ ਕਾਰਨ ਹਰ ਹਫਤੇ ਇਕ ਬੱਚਾ ਜ਼ਖਮੀ ਹੁੰਦਾ ਹੈ। ਯੂਨੀਸੈਫ ਨੇ ਦੱਸਿਆ ਕਿ ਅਜਿਹੇ ਹਾਲਾਤਾਂ ਲਈ ਬਾਰੂਦੀ ਸੁਰੰਗਾਂ, ਸੰਘਰਸ਼ ਦੇ ਬਾਅਦ ਬਚੇ ਵਿਸਫੋਟਕ ਅਤੇ ਵਰਤੇ ਨਾ ਜਾਣ ਵਾਲੇ ਅਸਲੇ ਜ਼ਿੰਮੇਵਾਰ ਹਨ।