ਈਰਾਨ : ਰਨਵੇਅ ਦੀ ਬਜਾਏ ਸਡ਼ਕ 'ਤੇ ਲੈਂਡ ਹੋਇਆ ਜਹਾਜ਼, ਦੇਖੋ ਵੀਡੀਓ

01/27/2020 8:19:35 PM

ਬਗਦਾਦ - ਈਰਾਨ ਵਿਚ ਇਕ ਯਾਤਰੀ ਜਹਾਜ਼ ਨੇ ਰਨਵੇਅ ਦੀ ਬਜਾਏ ਸਡ਼ਕ 'ਤੇ ਲੈਂਡਿੰਗ ਕੀਤੀ ਹੈ। ਦੱਖਣੀ ਪੱਛਮੀ ਸ਼ਹਿਰ, ਮਾਸ਼ਹਿਰ ਦੇ ਏਅਰਪੋਰਟ ਨੇਡ਼ੇ ਹੋਏ ਇਸ ਹਾਦਸੇ ਵਿਚ ਇਹ ਯਾਤਰੀ ਜਹਾਜ਼ ਰਨਵੇਅ 'ਤੇ ਲੈਂਡ ਕਰਨ ਦੀ ਕੋਸ਼ਿਸ਼ ਵਿਚ ਫਿਸਲ ਕੇ ਨੇਡ਼ੇ ਦੇ ਰਾਜਮਾਰਗ 'ਤੇ ਜਾ ਪਹੁੰਚਿਆ। ਜ਼ਿਕਰਯੋਗ ਹੈ ਕਿ ਕੈਸਪੀਅਨ ਏਅਰਲਾਇੰਸ ਦਾ ਇਹ ਜਹਾਜ਼ ਤਹਿਰਾਨ ਤੋਂ ਮਾਸ਼ਹਿਰ ਆ ਰਿਹਾ ਸੀ ਪਰ ਲੈਂਡਿੰਗ ਲਈ ਇਸ ਦੇ ਪਹੀਏ (ਟਾਇਰ) ਪੂਰੀ ਤਰ੍ਹਾਂ ਨਾਲ ਨਹੀਂ ਖੁਲ੍ਹੇ ਸਨ। ਸੋਸ਼ਲ ਮੀਡੀਆ 'ਤੇ ਜਹਾਜ਼ ਤੋਂ ਉਤਰ ਰਹੇ ਯਾਤਰੀਆਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀਆਂ ਗਈਆਂ ਹਨ।

 

ਈਰਾਨੀ ਸਰਕਾਰੀ ਟੈਲੀਵੀਜ਼ਨ ਨੇ ਸੂਬਾਈ ਏਵੀਏਸ਼ਨ ਅਧਿਕਾਰੀਆਂ ਦੇ ਹਵਾਲੇ ਤੋਂ ਆਖਿਆ ਕਿ ਪਾਇਲਟ ਨੇ ਜਹਾਜ਼ ਦੀ ਲੈਂਡਿੰਗ ਕਰਾਉਣ ਵਿਚ ਦੇਰੀ ਕੀਤੀ, ਜਿਸ ਕਾਰਨ ਉਹ ਰਨਵੇਅ ਤੋਂ ਥੋਡ਼ਾ ਅੱਗੇ ਨਿਕਲ ਆਇਆ। ਕੈਪਸੀਅਨ ਏਅਰਲਾਇੰਸ ਨੇ ਇਕ ਬਿਆਨ ਜਾਰੀ ਕਰ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਆਖਿਆ ਹੈ ਕਿ ਏਅਰਲਾਇੰਸ ਦੀ ਆਪਾਤ ਟੀਮ ਨੂੰ ਮਾਸ਼ਹਿਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜਹਾਜ਼ ਵਿਚ ਮੌਜੂਦ ਇਕ ਪੱਤਰਕਾਰ ਦਾ ਆਖਣਾ ਹੈ ਕਿ ਇਸ ਮੈਕਡੋਨਲ ਡਗਲਸ ਜਹਾਜ਼ ਦੇ ਪਿੱਛੇ ਟਾਇਰ ਟੁੱਟ ਗਏ ਅਤੇ ਇਹ ਜਹਾਜ਼ ਬਿਨਾਂ ਟਾਇਰਾਂ ਦੇ ਫਿਸਲਦਾ ਹੋਇਆ ਸਡ਼ਕ 'ਤੇ ਆ ਗਿਆ। ਨਾਗਰਿਕ ਏਵੀਏਸ਼ਨ ਵਿਭਾਗ ਦੇ ਬੁਲਾਰੇ ਰੇਜ਼ਾ ਜਾਫਰਜ਼ਾਦੇ ਨੇ 'ਇਸਨਾ' ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 7-50 ਵਜੇ ਹੋਇਆ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦੇ ਖੇਤਰ ਵਿਚ ਈਰਾਨ ਦਾ ਸੇਫਟੀ ਰਿਕਾਰਡ ਕਾਫੀ ਖਰਾਬ ਰਿਹਾ ਹੈ।

ਇਥੇ ਫਰਵਰੀ 2019 ਵਿਚ ਹੋਏ ਇਕ ਜਹਾਜ਼ ਹਾਦਸੇ ਵਿਚ 66 ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਸਾਲ 2011 ਵਿਚ ਲੈਂਡਿੰਗ ਦੌਰਾਨ ਈਰਾਨ ਏਅਰ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਯੂਰਪੀ ਸੰਘ ਨੇ ਈਰਾਨ ਦੀਆਂ 2 ਏਅਰਲਾਈਨਾਂ ਨੂੰ ਆਪਣੇ ਹਵਾਈ ਖੇਤਰ ਦੇ ਇਸਤੇਮਾਲ ਤੋਂ ਪਾਬੰਦੀ ਅਤੇ ਸੀਮਤ ਕਰ ਦਿੱਤਾ ਹੈ। ਈਰਾਨ ਦੀ ਯੋਜਨਾ ਸੀ ਕਿ 2015 ਦੇ ਪ੍ਰਮਾਣੂ ਕਰਾਰ ਦੇ ਤਹਿਤ ਉਸ 'ਤੇ ਲੱਗੀਆਂ ਪਾਬੰਦੀਆਂ ਵਿਚ ਉਸ ਨੂੰ ਜੋ ਛੋਟ ਮਿਲੀ ਸੀ ਉਸ ਦਾ ਫਾਇਦਾ ਲੈਂਦੇ ਹੋਏ ਉਹ ਆਪਣੇ ਪੁਰਾਣੇ ਯਾਤਰੀ ਜਹਾਜ਼ਾਂ ਦੀ ਥਾਂ ਨਵੇਂ ਜਹਾਜ਼ ਖਰੀਦੇਗਾ। ਪਰ ਸਾਲ 2018 ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਕਰਾਰ ਤੋਂ ਬਾਹਰ ਹੋਣ ਦੇ ਫੈਸਲੇ ਤੋਂ ਬਾਅਦ ਅਮਰੀਕੀ ਟ੍ਰੇਜ਼ਰੀ ਨੇ ਈਰਾਨ ਨੂੰ ਯਾਤਰੀ ਜਹਾਜ਼ ਵੇਚਣ ਲਈ ਕੰਪਨੀਆਂ ਦੇ ਲਾਇਸੰਸ ਰੱਦ ਕਰ ਦਿੱਤੇ ਸਨ।

Khushdeep Jassi

This news is Content Editor Khushdeep Jassi