ਆਸਟ੍ਰੇਲੀਆਈ ਸੰਸਦ ਮੈਂਬਰ ''ਲੇਡੀ ਫਲੋ'' ਦਾ ਦਿਹਾਂਤ, ਪੀ. ਐੱਮ. ਟਰਨਬੁੱਲ ਨੇ ਕੀਤਾ ਟਵੀਟ

12/20/2017 5:13:58 PM

ਕੁਈਨਜ਼ਲੈਂਡ (ਏਜੰਸੀ)— ਲੰਬੇ ਸਮੇਂ ਤੱਕ ਆਸਟ੍ਰੇਲੀਆ ਦੀ ਸਿਆਸਤ 'ਚ ਸਰਗਰਮ ਰਹੀ ਲੇਡੀ ਫਲੋ ਬੇਜਲਕੇ-ਪੀਟਰਸਨ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ 97 ਸਾਲ ਦੀ ਸੀ। ਫਲੋ ਆਸਟ੍ਰੇਲੀਅਨ ਸੰਸਦ 'ਚ 1981 ਤੋਂ 1993 ਤੱਕ ਸੰਸਦ ਮੈਂਬਰ ਰਹਿ ਚੁੱਕੀ ਹੈ। ਫਲੋ ਦਾ ਜਨਮ 11 ਅਗਸਤ 1920 ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਹੋਇਆ ਸੀ। ਫਲੋ ਦੇ ਪਤੀ ਸਰ ਜੋਹ ਬੇਜਲਕੇ ਪੀਟਰਸਨ ਨੇ ਕੁਈਨਜ਼ਲੈਂਡ ਦੇ ਪ੍ਰੀਮੀਅਰ ਵਜੋਂ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ। ਸਰ ਜੋਹ ਦੀ 94 ਸਾਲ ਦੀ ਉਮਰ 'ਚ 2005 'ਚ ਦਿਹਾਂਤ ਹੋ ਗਿਆ ਸੀ। ਲੇਡੀ ਫਲੋ ਰਾਜਨੀਤੀ 'ਚ ਹੀ ਸਰਗਰਮ ਨਹੀਂ ਸੀ, ਸਗੋਂ ਕਿ ਕੁਕਿੰਗ ਲਈ ਵੀ ਜਾਣੀ ਜਾਂਦੀ ਸੀ। ਕੁਕਿੰਗ ਉਨ੍ਹਾਂ ਲਈ ਇਕ ਜਨੂੰਨ ਵਾਂਗ ਸੀ।


ਬਤੌਰ ਸੰਸਦ ਮੈਂਬਰ ਲੇਡੀ ਫਲੋ ਨੇ ਕੁਈਨਜ਼ਲੈਂਡ ਦੇ ਪੇਂਡੂ ਅਤੇ ਖੇਤਰੀ ਬਿਹਤਰੀ ਲਈ ਅਣਥੱਕ ਕੰਮ ਕੀਤਾ। ਆਪਣੀ ਜ਼ਿੰਦਗੀ 'ਚ ਉਨ੍ਹਾਂ ਨੇ ਕਈ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ। ਉਨ੍ਹਾਂ ਦੀ ਮਾਸੂਮੀਅਤ, ਦੂਜੇ ਦੀ ਦੇਖਭਾਲ ਕਰਨਾ, ਦਿਆਲੂਤਾ ਹਰ ਕੰਮ 'ਚ ਮੂਹਰੇ ਹੋਣਾ ਉਨ੍ਹਾਂ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਕੁਈਨਜ਼ਲੈਂਡ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀ ਮੌਤ ਦੀ ਖਬਰ 'ਤੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਟਵੀਟ ਕੀਤਾ, ''ਉਹ ਲੇਡੀ ਫਲੋ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਜਨਤਕ ਸੇਵਾਵਾਂ ਲਈ ਦਿੱਤਾ। ਪਰਮਾਤਮਾ ਉਨ੍ਹਾਂ ਨੂੰ ਸ਼ਾਂਤੀ ਦੇਵੇ। ਫਲੋ ਅਤੇ ਜੋਹ ਆਪਣੀ ਜ਼ਿੰਦਗੀ ਨੂੰ ਕੁਈਨਜ਼ਲੈਂਡ ਲਈ ਸਮਰਪਿਤ ਕੀਤਾ ਅਤੇ ਇਕ ਗਤੀਸ਼ੀਲਤਾ ਨਾਲ ਲੀਡਰਸ਼ਿਪ ਨੂੰ ਸੰਭਾਲਿਆ।''