ਜਾਣੋ, ਅਜਿਹੇ ਘਰ ਬਾਰੇ ਜੋ ਬਣਿਆ ਹੈ ਇਕ ਜੁਆਲਾਮੁਖੀ ''ਤੇ

07/16/2017 2:33:01 PM

ਸਯੁੰਕਤ ਰਾਸ਼ਟਰ— ਹਵਾਈ ਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਜੁਆਲਾਮੁਖੀਆਂ ਵਿਚੋਂ ਇਕ ਜੁਆਲਾਮੁਖੀ ਦੇ ਕਰੀਬ ਬਣੇ ਵਿਲੱਖਣ ਘਰ ਵਿਚ ਤੁਸੀਂ ਵੀ ਰਹਿ ਸਕਦੇ ਹੋ। ਜੁਆਲਾਮੁਖੀ ਤੋਂ ਨਿਕਲ ਕੇ ਜੰਮ ਚੁੱਕੇ ਲਾਵੇ ਉੱਪਰ ਇਕ ''ਫੋਨਿਕਸ ਹਾਊਸ'' ਬਣਾਇਆ ਗਿਆ ਹੈ।


ਇਹ ਵਿਲੱਖਣ ਅਤੇ ਇਕ ਬੈੱਡਰੂਮ ਵਾਲਾ ਮਕਾਨ 'ਬਿਗ ਆਈਲੈਂਡ' 'ਤੇ ਮਾਊਨਾ ਲੋਆ ਨਾਂ ਦੇ ਕਿਰਿਆਸ਼ੀਲ ਜੁਆਲਾਮੁਖੀ ਤੋਂ 4 ਮੀਲ ਦੂਰ ਹੈ। ਇਹ ਜੁਆਲਾਮੁਖੀ ਸਾਲ 1843 ਤੋਂ ਲੈ ਕੇ ਹੁਣ ਤੱਕ 33 ਵਾਰੀ ਫੁੱਟ ਚੁੱਕਿਆ ਹੈ। ਇਸ ਵਿਚ ਪਿਛਲਾ ਵਿਸਫੋਟ ਸਾਲ 1984 ਵਿਚ ਹੋਇਆ ਸੀ। ਭਾਵੇਂ ਇਹ ਜਗ੍ਹਾ ਰਹਿਣ ਲਈ ਠੀਕ ਨਹੀਂ ਪਰ ਇਸ ਦੇ ਮਾਲਕ ਦਾ ਦਾਅਵਾ ਹੈ ਕਿ ਇਸ ਮਕਾਨ ਅਤੇ ਇਸ ਦੇ ਆਲੇ-ਦੁਆਲੇ ਸਥਿਤ ਜਮਾ ਹੋਇਆ ਲਾਵਾ ਇਕ ਵੱਖਰੀ ਹੀ ਦੁਨੀਆ ਵਿਚ ਰਹਿਣ ਦਾ ਅਹਿਸਾਸ ਕਰਵਾਉਂਦਾ ਹੈ।

ਫਿਲਹਾਲ 8000 ਰੁਪਏ ਰੋਜ਼ਾਨਾ ਦੇ ਕੇ ਇੱਥੇ ਰਹਿਣ ਦਾ ਅਨੁਭਵ ਲਿਆ ਜਾ ਸਕਦਾ ਹੈ। ਇਸ ਲਈ ਦਿੱਤੇ ਗਏ ਇਸ਼ਤਿਹਾਰ ਵਿਚ ਲਿਖਿਆ ਹੈ,'' ਮਕਾਨ ਚਾਰੇ ਪਾਸਿਓਂ ਲਾਵੇ ਨਾਲ ਘਿਰਿਆ ਹੈ ਅਤੇ ਇਕ ਵੱਖਰੇ ਵਾਤਾਵਰਣ ਦਾ ਅਹਿਸਾਸ ਦਿੰਦਾ ਹੈ। ਸਮੁੰਦਰ ਵਿਚ ਲਾਵਾ ਦੇ ਮਿਲਣ ਨਾਲ ਉੱਠਣ ਵਾਲੇ ਧੂੰਏ ਨੂੰ ਖਿੜਕੀਆਂ ਤੋਂ ਤੁਸੀਂ ਦੇਖ ਸਕਦੇ ਹੋ। ਧੂੰਆਂ ਕੱਢਦਾ ਜੁਆਲਾਮੁਖੀ, ਸ਼ਾਨਦਾਰ ਸਮੁੰਦਰ ਅਤੇ ਮੀਲਾਂ ਦੂਰ ਤੱਕ ਫੈਲੇ ਕਾਲੇ ਲਾਵੇ ਦੇ ਮੈਦਾਨ ਇਸ ਘਰ ਤੋਂ ਦਿੱਸਣ ਵਾਲੇ ਹੋਰ ਨਜ਼ਾਰੇ ਹਨ।''
ਇਸ ਘਰ ਨੂੰ ''ਅਲਟਾਸਟ ਟ੍ਰੀ'' ਨਾਂ ਦੀ ਕੰਪਨੀ ਦੇ ਬਿਲ ਬੀਲਹਾਰਜ ਨਾਂ ਦੇ ਡਿਜ਼ਾਈਨਰ ਨੇ ਡਿਜ਼ਾਈਨ ਕੀਤਾ ਹੈ। ਉਸ ਮੁਤਾਬਕ ਉਸ ਨੇ ਇਹ ਘਰ ਧਰਤੀ ਮਾਂ ਪ੍ਰਤੀ ਆਦਰ ਪ੍ਰਗਟ ਕਰਨ ਦੇ ਉਦੇਸ਼ ਨਾਲ ਬਣਾਇਆ ਹੈ। ਇਸ ਘਰ ਵਿਚ ਜ਼ਿਆਦਾਤਰ ਲੱਕੜ ਦੀ ਵਰਤੋਂ ਹੋਈ ਹੈ। ਵੱਡੀਆਂ ਖਿੜਕੀਆਂ ਤੋਂ ਕੁਦਰਤੀ ਰੋਸ਼ਨੀ ਅੰਦਰ ਤੱਕ ਆਉਂਦੀ ਹੈ।


ਇਸ ਘਰ ਵਿਚ ਇਕ ਬੈੱਡਰੂਮ, ਲਿਵਿੰਗ ਏਰੀਆ ਅਤੇ ਬਾਥਰੂਮ ਹੈ। ਇਸ ਦੀ ਰਸੋਈ ਵਿਚ ਜ਼ਰੂਰਤ ਦਾ ਸਾਰਾ ਸਾਮਾਨ ਰੱਖਿਆ ਗਿਆ ਹੈ। ਇਸ ਘਰ ਦਾ ਨਾਂ ''ਫੋਨਿਕਸ ਹਾਊਸ'' ਉਸ ਰਹੱਸਮਈ ਪੰਛੀ ਦੇ ਨਾਂ 'ਤੇ ਰੱਖਿਆ ਗਿਆ ਹੈ ਜਿਸ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਮਰਨ ਮਗਰੋਂ ਆਪਣੀ ਹੀ ਸੁਆਹ ਨਾਲ ਦੁਬਾਰਾ ਜਿਉਂਦਾ ਹੋ ਜਾਂਦਾ ਹੈ।