ਟਰੰਪ ਵੱਲੋਂ ਲਾਈਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਕਿਮ ਨੇ ਦਿੱਤੀ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕਰਨ ਦੀ ਧਮਕੀ

09/23/2017 3:48:22 AM

ਸਿਓਲ - ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪ੍ਰਸ਼ਾਂਤ ਮਹਾਸਾਗਰ ਵਿਚ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕਰਨ 'ਤੇ ਵਿਚਾਰ ਕਰ ਸਕਦੇ ਹਨ। ਉੱਤਰ ਕੋਰੀਆ ਨੇ ਦਾਅਵਾ ਕੀਤਾ ਕਿ ਇਹ ਹਾਈਡ੍ਰੋਜਨ ਬੰਬ ਮਿਜ਼ਾਈਲ ਰਾਹੀਂ ਦਾਗਿਆ ਜਾ ਸਕਦਾ ਹੈ। ਫਿਲਹਾਲ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉੱਤਰ ਕੋਰੀਆ ਕੀ ਕਰੇਗਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ 'ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਦੇ ਇਸ ਹੁਕਮ ਤੋਂ ਨਿਰਾਸ਼ ਪਿਓਂਗਯਾਂਗ ਦੇ ਆਗੂ ਕਿਮ ਜੋਂਗ ਉਨ ਨੇ ਟਰੰਪ ਨੂੰ ਪਾਗਲ ਦੱਸਦੇ ਹੋਏ ਕਿਹਾ ਕਿ ਉਸ ਦਾ ਇਹ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਜਾਰੀ ਰਹੇਗਾ ਅਤੇ ਉਹ ਅਮਰੀਕਾ ਵਿਰੁੱਧ ਹੋਰ ਉਪਾਵਾਂ 'ਤੇ ਗੰਭੀਰਤਾ ਨਾਲ ਵਿਚਾਰ ਕਰੇਗਾ। ਕਿਮ ਨੇ ਅਮਰੀਕੀ ਰਾਸ਼ਟਰਪਤੀ ਨੂੰ ਚਿਤਾਵਨੀ ਦਿੱਤੀ ਕਿ ਉਹ ਇਹ ਯਕੀਨੀ ਬਣਾਵੇਗੀ ਕਿ ਟਰੰਪ ਨੂੰ ਸੰਯੁਕਤ ਰਾਸ਼ਟਰ ਵਿਚ ਉਨ੍ਹਾਂ ਦੇ ਦੇਸ਼ ਦੇ ਵਿਨਾਸ਼ ਸੰਬੰਧੀ ਬਿਆਨ ਦੇਣ ਲਈ ਭਾਰੀ ਕੀਮਤ ਅਦਾ ਕਰਨੀ ਪਵੇਗੀ।
ਅਮਰੀਕੀ ਰਾਸ਼ਟਰਪਤੀ ਨੇ ਉੱਤਰ ਕੋਰੀਆ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਚੀਨ ਦੇ ਸੈਂਟਰਲ ਬੈਂਕ ਨੇ ਹੋਰ ਚੀਨੀ ਬੈਂਕਾਂ ਨੂੰ ਪਿਓਂਗ ਜਾਂਗ ਨਾਲ ਕਾਰੋਬਾਰ ਰੋਕਣ ਲਈ ਕਿਹਾ ਹੈ।  ਟਰੰਪ ਅਤੇ ਉੱਤਰ ਕੋਰੀਆਈ ਆਗੂ ਕਿਮ ਜੋਂਗ ਉਨ ਵਿਚਾਲੇ ਜਾਰੀ ਸਖਤ ਸ਼ਬਦੀ ਜੰਗ ਦਰਮਿਆਨ ਅੱਜ ਅਮਰੀਕੀ ਰਾਸ਼ਟਰਪਤੀ ਨੇ ਕਿਮ ਨੂੰ ਚਿਤਾਵਨੀ ਦਿੱਤੀ ਕਿ ਉਸ ਦੇ ਵਿਰੁੱਧ ਅਜਿਹੀ ਕਾਰਵਾਈ ਕੀਤੀ ਜਾਵੇਗੀ, ਜੋ ਪਹਿਲੇ ਕਦੇ ਨਹੀਂ ਕੀਤੀ ਹੋਵੇਗੀ।