ਅਫਗਾਨਿਸਤਾਨ 'ਚ ਬੰਬ ਧਮਾਕੇ ਕਾਰਨ 30 ਲੋਕਾਂ ਦੀ ਮੌਤ ਤੇ 90 ਜ਼ਖਮੀ

09/19/2019 10:22:28 AM

ਕਾਬੁਲ— ਅਫਗਾਨਿਸਤਾਨ ਦੇ ਦੱਖਣੀ ਸ਼ਹਿਰ ਦਾ ਇਕ ਹਸਪਤਾਲ ਵੀਰਵਾਰ ਸਵੇਰੇ ਆਤਮਘਾਤੀ ਟਰੱਕ ਬੰਬ ਧਮਾਕੇ ਨਾਲ ਦਹਿਲ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕਾਰਨ 30 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 90 ਜ਼ਖਮੀ ਹੋ ਗਏ। ਇਸ ਹਮਲੇ 'ਚ ਦੱਖਣੀ ਜਾਬੁਲ ਸੂਬੇ ਦੀ ਰਾਜਧਾਨੀ ਕਲਤ ਦੇ ਇਕ ਹਸਪਤਾਲ ਦਾ ਪੂਰਾ ਹਿੱਸਾ ਬਰਬਾਦ ਹੋ ਗਿਆ ਅਤੇ ਉੱਥੇ ਖੜ੍ਹੀ ਐਂਬੂਲੈਂਸ ਨੁਕਸਾਨੀ ਗਈ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਆਪਣੇ ਪਰਿਵਾਰ ਦੇ ਬੀਮਾਰ ਮੈਂਬਰਾਂ ਨੂੰ ਮਿਲਣ ਆਏ ਨਿਵਾਸੀ ਜ਼ਖਮੀਆਂ ਨੂੰ ਸ਼ਾਲ ਤੇ ਕੰਬਲਾਂ ਨਾਲ ਢੱਕ ਕੇ ਹਸਪਤਾਲ ਲੈ ਜਾਂਦੇ ਦੇਖੇ ਗਏ ਤੇ ਗੰਭੀਰ ਜ਼ਖਮੀਆਂ ਨੂੰ ਨੇੜਲੇ ਸ਼ਹਿਰਾਂ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਧਮਾਕੇ ਦੇ ਸ਼ੁਰੂਆਤੀ ਸਮੇਂ 10-12 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਪਰ ਮਲਬੇ ਹੇਠੋਂ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ 30 ਹੋ ਗਈ। ਅਮਰੀਕਾ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਦੇ ਇਸ ਮਹੀਨੇ ਦੀ ਸ਼ੁਰੂਆਤ 'ਚ ਬੰਦ ਹੋ ਜਾਣ ਮਗਰੋਂ ਲਗਭਗ ਰੋਜ਼ਾਨਾ ਹਮਲੇ ਕਰ ਰਹੇ ਤਾਲਿਬਾਨ ਦਾ ਕਹਿਣਾ ਹੈ ਕਿ ਉਸ ਦਾ ਨਿਸ਼ਾਨਾ ਨੇੜਲੇ ਸਰਕਾਰੀ ਖੁਫੀਆ ਵਿਭਾਗ ਦੀ ਇਮਾਰਤ ਸੀ। ਇਸ ਕਾਰਨ ਰਾਸ਼ਟਰੀ ਸੁਰੱਖਿਆ ਵਿਭਾਗ ਦੀ ਇਮਾਰਤ ਦੀ ਕੰਧ ਨੂੰ ਨੁਕਸਾਨ ਪੁੱਜਾ। ਨੈਸ਼ਨਲ ਡਾਇਰੈਕਟੋਰੇਟ ਆਫ ਸਕਿਓਰਟੀ ਦਫਤਰ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਕੋਈ ਵੀ ਮੈਂਬਰ ਜ਼ਖਮੀ ਨਹੀਂ ਹੋਇਆ।