ਪੈਟਰੋਲ ਦੀ ਕੀਮਤ ''ਤੇ ਪ੍ਰਦਰਸ਼ਨ ਨੂੰ ਖੁਮੈਨੀ ਨੇ ਦੱਸਿਆ ਸਾਜਿਸ਼

11/28/2019 12:41:32 AM

ਤਹਿਰਾਨ - ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲ ਖੁਮੈਨੀ ਨੇ ਬੁੱਧਵਾਰ ਨੂੰ ਆਖਿਆ ਕਿ ਦੇਸ਼ ਨੇ ਪਿਛਲੇ ਮਹੀਨੇ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਇਕ ਬੇਹੱਦ ਖਤਰਨਾਕ ਸਾਜਿਸ਼ ਨੂੰ ਨਕਾਮ ਕੀਤਾ ਹੈ। ਪੈਟਰੋਲ ਦੀਆਂ ਕੀਮਤਾਂ 'ਚ 200 ਫੀਸਦੀ ਤੱਕ ਦੇ ਵਾਧੇ ਦਾ ਅੱਧੀ ਰਾਤ ਨੂੰ ਕੀਤੇ ਗਏ ਐਲਾਨ ਤੋਂ ਕੁਝ ਘੰਟਿਆਂ ਬਾਅਦ 15 ਨਵੰਬਰ ਨੂੰ ਇਹ ਪ੍ਰਦਰਸ਼ਨ ਸ਼ੁਰੂ ਹੋਏ ਸਨ। ਇਨ੍ਹਾਂ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਲੈ ਲਿਆ ਸੀ ਅਤੇ ਇਸ ਦੌਰਾਨ ਕਈ ਪੈਟਰੋਲ ਪੰਪ ਸਾੜ ਦਿੱਤੇ ਗਏ, ਪੁਲਸ ਥਾਣਿਆਂ 'ਤੇ ਹਮਲਾ ਕੀਤਾ ਗਿਆ ਅਤੇ ਦੁਕਾਨਾਂ 'ਚ ਲੁੱਟਖੋਹ ਹੋਈ। ਬਾਅਦ 'ਚ ਹਾਲਾਂਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਦਬਾ ਦਿੱਤਾ ਗਿਆ।

ਅਧਿਕਾਰੀਆਂ ਨੇ ਅਜੇ ਤੱਕ ਇਸ ਦੌਰਾਨ ਜ਼ਖਮੀ ਹੋਏ ਲੋਕਾਂ ਜਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਦੇਸ਼ ਦੇ ਜ਼ਿਆਦਾਤਰ ਇਲਾਕੇ ਪ੍ਰਭਾਵਿਤ ਹੋਏ ਸਨ। ਸਰਕਾਰੀ ਟੈਲੀਵੀਜ਼ਨ ਮੁਤਾਬਕ ਖੁਮੈਨੀ ਨੇ ਆਖਿਆ ਕਿ ਲੋਕਾਂ ਨੇ ਇਕ ਡੂੰਘੀ, ਵਿਆਪਕ ਅਤੇ ਬੇਹੱਦ ਖਤਰਨਾਕ ਸਾਜਿਸ਼ ਨੂੰ ਨਕਾਮ ਕੀਤਾ, ਜਿਸ 'ਚ ਬਰਬਾਦੀ ਅਤੇ ਲੋਕਾਂ ਦੀ ਹੱਤਿਆ ਲਈ ਕਾਫੀ ਰਕਮ ਖਰਚ ਕੀਤੀ ਗਈ ਸੀ।

ਈਰਾਨੀ ਨੇਤਾ ਨੇ ਬਾਸੀਜ (ਇਸਲਾਮਕ ਗਣਰਾਜ ਸਰਕਾਰ ਦੇ ਵਫਾਦਾਰ ਲੜਾਕੇ) ਦੇ ਇਕ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ। ਖੁਮੈਨੀ ਨੇ ਟਵਿੱਟਰ 'ਤੇ ਇਕ ਪੋਸਟ 'ਚ ਈਰਾਨੀ ਨਾਗਰਿਕਾਂ ਦਾ ਸੋਮਵਾਰ ਨੂੰ ਤਹਿਰਾਨ 'ਚ ਸਰਕਾਰ ਸਮਰਥਕ ਵਿਸ਼ਾਲ ਰੈਲੀ ਕੱਢਣ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਆਖਾ ਕਿ ਲੋਕਾਂ ਨੇ ਇਕ ਵਾਰ ਫਿਰ ਸਾਬਿਤ ਕੀਤਾ ਕਿ ਉਹ ਸ਼ਕਤੀਸ਼ਾਲੀ ਅਤੇ ਮਹਾਨ ਹਨ ਅਤੇ ਮੌਕੇ 'ਤੇ ਆਪਣੀ ਹਾਜ਼ਰੀ ਨਾਲ ਉਨ੍ਹਾਂ ਨੇ ਇਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ।

Khushdeep Jassi

This news is Content Editor Khushdeep Jassi