ਕੈਨੇਡਾ ''ਚ ਜਗਮੀਤ ਸਿੰਘ ਨੇ ਪ੍ਰਚਾਰ ਦੌਰਾਨ ਚੁੱਕਿਆ ਕਸ਼ਮੀਰ ਮੁੱਦਾ

10/01/2019 11:12:35 PM

ਵੈਨਕੂਵਰ (ਏਜੰਸੀ)- ਕੈਨੇਡਾ ਵਿਚ ਆਮ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਸਿਆਸੀ ਪਾਰਟੀਆਂ ਦੇ ਆਗੂ ਡੋਰ-ਟੂ-ਡੋਰ ਪ੍ਰਚਾਰ ਮੁਹਿੰਮਾਂ ਵਿਚ ਰੁੱਝੇ ਹੋਏ ਹਨ। ਇਸੇ ਤਰ੍ਹਾਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਆਪਣੇ ਪ੍ਰਚਾਰ ਦੌਰਾਨ ਕਸ਼ਮੀਰ ਦਾ ਮੁੱਦਾ ਵੀ ਚੁੱਕਦਿਆਂ ਧਾਰਾ 370 ਹਟਾਉਣ ਦੀ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ। ਕੈਨੇਡਾ ਦੀ ਕੌਮੀ ਪਾਰਟੀ ਦੇ ਸਿੱਖ ਆਗੂ ਨੇ ਦਾਅਵਾ ਕੀਤਾ ਕਿ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਸ਼ਮੀਰ ਵਿਚ ਮੋਬਾਇਲ ਫੋਨ ਬੰਦ ਕਰ ਦਿੱਤੇ ਗਏ ਹਨ। ਲੈਂਡਲਾਈਨ ਸੇਵਾਵਾਂ ਸੀਮਤ ਕਰ ਦਿੱਤੀਆਂ ਗਈਆਂ ਹਨ ਅਤੇ ਇਥੋਂ ਤੱਕ ਕਿ ਮੀਡੀਆ ਉਪਰ ਵੀ ਪਾਬੰਦੀ ਲਾ ਦਿੱਤੀ ਗਈ ਹੈ। ਜਗਮੀਤ ਸਿੰਘ ਦਾ ਕਹਿਣਾ ਸੀ ਕਿ ਜੇ ਦੁਨੀਆ ਵਿਚ ਕਿਸੇ ਵੀ ਥਾਂ 'ਤੇ ਫੋਨ ਬੰਦ ਕਰ ਦਿੱਤੇ ਜਾਣ ਅਤੇ ਮੀਡੀਆ ਨੂੰ ਜਾਣ ਦੀ ਇਜਾਜ਼ਤ ਨਾ ਹੋਵੇ ਤਾਂ ਲਾਜ਼ਮੀ ਤੌਰ 'ਤੇ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਐਨ.ਡੀ.ਪੀ. ਆਗੂ ਨੇ ਕਿਹਾ ਕਿ ਉਹ ਮੁਸ਼ਕਲ ਦੀ ਇਸ ਘੜੀ ਵਿਚ ਕਸ਼ਮੀਰੀਆਂ ਨਾਲ ਹਨ।

ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਦੁਨੀਆ ਦੇ ਉਨ੍ਹਾਂ ਚੋਣਵੇਂ ਆਗੂਆਂ ਵਿਚੋਂ ਹਨ ਜੋ ਕਸ਼ਮੀਰ ਵਿਚਲੇ ਹਾਲਾਤ ਦੇ ਮੱਦੇਨਜ਼ਰ ਭਾਰਤ ਸਰਕਾਰ ਦੀ ਨੁਕਤਾਚੀਨੀ ਕਰ ਰਹੇ ਹਨ। ਇਸ ਤੋਂ ਪਹਿਲਾਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵਿਚ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਕੀਤੀ ਜਾ ਰਹੀ ਕਾਰਵਾਈ ਲਈ ਚਾਹੇ ਜੋ ਵੀ ਕਾਰਨ ਹੋਣ ਪਰ ਇਸ ਦੇ ਬਾਵਜੂਦ ਸਾਰਾ ਘਟਨਾਕ੍ਰਮ ਕਿਸੇ ਵੀ ਪੱਖੋਂ ਜਾਇਜ਼ ਨਹੀਂ।

Sunny Mehra

This news is Content Editor Sunny Mehra