ਭਾਰੀ ਪਿਆ ਭਾਰਤ ਦੌਰਾ, ਅੱਜ ਚੋਣਾਂ ਹੋਣ ਤਾਂ ਹਾਰ ਜਾਣਗੇ ਟਰੂਡੋ : ਸਰਵੇ

03/03/2018 12:11:39 PM

ਓਟਾਵਾ— ਕੈਨੇਡਾ ਦੇ ਪ੍ਰ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਵੱਖਵਾਦੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਾ ਅਸਰ ਕੈਨੇਡਾ ਦੀ ਲਿਬਰਲ ਪਾਰਟੀ ਨੂੰ ਕਾਫੀ ਮਹਿੰਗਾ ਪਿਆ ਹੈ। ਭਾਰਤ ਦੌਰੇ ਦੌਰਾਨ ਕੈਨੇਡੀਅਨ ਪੀ. ਐੱਮ. ਟਰੂਡੋ ਦੀ ਪਤਨੀ ਸੋਫੀ ਦੀ ਤਸਵੀਰ ਖਾਲਿਸਤਾਨ ਸਮਰਥਕ ਜਸਪਾਲ ਅਟਵਾਲ ਨਾਲ ਸਾਹਮਣੇ ਆਉਣ ਮਗਰੋਂ ਟਰੂਡੋ ਬੁਰੀ ਤਰ੍ਹਾਂ ਨਾਲ ਫਸ ਗਏ ਹਨ। ਕੈਨੇਡਾ 'ਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਛਿੜੇ ਵਿਵਾਦ ਨੂੰ ਜਮ ਕੇ ਉਛਾਲਿਆ ਹੈ। ਵਿਰੋਧੀ ਧਿਰ ਦੇ ਨੇਤਾ ਐਂਡਰੀਊ ਸ਼ੀਰ ਨੇ ਕੈਨੇਡਾ ਦੇ ਸਦਨ 'ਚ ਵੱਖਵਾਦੀ ਤਾਕਤਾਂ ਦਾ ਵਿਰੋਧ ਕਰਦੇ ਹੋਏ ਭਾਰਤ ਦੀ ਇਕਜੁੱਟਤਾ ਅਤੇ ਅਖੰਡਤਾ ਦਾ ਸਮਰਥਨ ਵੀ ਕੀਤਾ। ਇਸ ਮੁੱਦੇ 'ਤੇ ਟਰੂਡੋ ਚਾਰੇ-ਪਾਸਿਓਂ ਘਿਰ ਗਏ ਹਨ, ਜਿਸ ਨਾਲ ਉਨ੍ਹਾਂ ਦੀ ਪਾਰਟੀ 'ਤੇ ਕਾਫੀ ਅਸਰ ਪਿਆ ਹੈ।

ਕੈਨੇਡਾ 'ਚ ਇਕ ਸਰਵੇ ਹੋਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਅੱਜ ਚੋਣਾਂ ਹੋਣ ਤਾਂ ਪ੍ਰਧਾਨ ਮੰਤਰੀ ਟਰੂਡੋ ਹਾਰ ਜਾਣਗੇ ਕਿਉਂਕਿ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ ਸਿਰਫ 33 ਫੀਸਦੀ ਹੀ ਵੋਟਾਂ ਮਿਲਣਗੀਆਂ। ਉੱਥੇ ਹੀ ਐਂਡਰੀਊ ਸ਼ੀਰ ਦੀ ਕੰਜ਼ਰਵੇਟਿਵ ਪਾਰਟੀ ਨੂੰ 38 ਫੀਸਦੀ ਵੋਟਾਂ ਮਿਲਣਗੀਆਂ ਅਤੇ ਉਹ ਜੇਤੂ ਹੋਣਗੇ। 'ਇਪਸੋਸ ਪੋਲ' ਦੇ ਸਰਵੇ 'ਚ ਕਿਹਾ ਗਿਆ ਕਿ ਐੱਨ. ਡੀ. ਪੀ. ਨੂੰ 21 ਫੀਸਦੀ ਵੋਟਾਂ ਹਾਸਲ ਹੋਣਗੀਆਂ ਅਤੇ ਗਰੀਨ ਪਾਰਟੀ ਨੂੰ 5 ਫੀਸਦੀ ਵੋਟਾਂ ਮਿਲਣਗੀਆਂ। ਇਸ ਸਰਵੇ ਦੇ ਸੀ. ਈ. ਓ ਡਾਰੇਲ ਬਰਿਕਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਅਸੀਂ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦਾ ਅਜਿਹਾ ਭਵਿੱਖ ਦੱਸ ਰਹੇ ਹਾਂ। ਇਸ ਤੋਂ ਪਹਿਲਾਂ ਲਿਬਰਲ ਪਾਰਟੀ ਹਮੇਸ਼ਾ ਹੀ ਆਪਣੀਆਂ ਵਿਰੋਧੀ ਪਾਰਟੀਆਂ ਨਾਲੋਂ ਅੱਗੇ ਹੀ ਰਹੀ ਹੈ।