''ਬਲੈਕ ਫੇਸ'' ਵਿਵਾਦ ''ਤੇ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਤੋਂ ਮੰਗੀ ਮੁਆਫੀ

09/25/2019 7:04:48 PM

ਬਰਨਬੀ (ਬ੍ਰਿਟਿਸ਼ ਕੋਲੰਬੀਆ) (ਏਜੰਸੀ)- ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕੁਝ ਤਸਵੀਰਾਂ ਨੂੰ ਲੈ ਕੇ ਜਸਟਿਨ ਟਰੂਡੋ ਇਕ ਵਿਵਾਦ ਵਿਚ ਘਿਰਦੇ ਨਜ਼ਰ ਆ ਰਹੇ ਸਨ, ਜਿਸ ਮਗਰੋਂ ਉਨ੍ਹਾਂ ਦਾ ਕਾਫੀ ਵਿਰੋਧ ਹੋਇਆ ਪਰ ਇਸ ਦੌਰਾਨ ਕੁਝ ਲੋਕ ਉਨ੍ਹਾਂ ਦੇ ਹੱਕ ਵਿਚ ਵੀ ਨਿੱਤਰ ਆਏ ਸਨ। ਐੱਨ. ਡੀ. ਪੀ ਆਗੂ ਜਗਮੀਤ ਸਿੰਘ ਨੇ ਟਰੂਡੋ ਦੀ ਇਸ ਤਸਵੀਰ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਕੈਨੇਡਾ ਵਰਗੇ ਦੇਸ਼ 'ਚ ਕਿਸੇ ਦੇ ਰੰਗ ਨੂੰ ਲੈ ਮਜ਼ਾਕ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ। ਐਂਡਿਊ ਸ਼ੀਅਰ ਨੇ ਇਸ ਫੋਟੋ ਨੂੰ ਲੈ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਨਸਲਵਾਦੀ ਕਿਹਾ ਸੀ।

ਦਰਅਸਲ ਨਸਲਵਾਦੀ ਤਸਵੀਰਾਂ ਕਾਰਨ ਬੁਰੀ ਤਰਾਂ ਘਿਰੇ ਲਿਬਰਲ ਆਗੂ ਜਸਟਿਨ ਟਰੂਡੋ ਨੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਨਿਜੀ ਤੌਰ 'ਤੇ ਫ਼ੋਨ ਕੀਤਾ ਅਤੇ ਸਮਝਿਆ ਜਾ ਰਿਹਾ ਹੈ ਕਿ ਟਰੂਡੋ ਨੇ ਤਸਵੀਰਾਂ ਦੇ ਮੁੱਦੇ 'ਤੇ ਜਗਮੀਤ ਸਿੰਘ ਤੋਂ ਮੁਆਫ਼ੀ ਵੀ ਮੰਗੀ। ਦੱਸ ਦਈਏ ਕਿ ਜਗਮੀਤ ਸਿੰਘ ਨੇ ਪਹਿਲਾਂ ਹੀ ਕਹਿ ਦਿਤਾ ਸੀ ਕਿ ਉਹ ਇਸ ਮੁੱਦੇ ਬਾਰੇ ਟਰੂਡੋ ਨਾਲ ਸਿਰਫ਼ ਨਿਜੀ ਤੌਰ 'ਤੇ ਹੀ ਗੱਲ ਕਰਨਗੇ। ਜਗਮੀਤ ਸਿੰਘ ਨੂੰ ਉਸ ਵੇਲੇ ਜਸਟਿਨ ਟਰੂਡੋ ਦੀ ਕਾਲ ਆਈ ਜਦੋਂ ਉਹ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਹਲਕੇ ਵਿਚ ਪ੍ਰਚਾਰ ਲਈ ਜਾ ਰਹੇ ਸਨ। ਲਿਬਰਲ ਪਾਰਟੀ ਨੇ ਬੀਤੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਸੀ ਕਿ ਉਹ ਤਸਵੀਰਾਂ ਦਾ ਮਸਲਾ ਜਗਮੀਤ ਸਿੰਘ ਨਾਲ ਵਿਚਾਰਨਾ ਚਾਹੁੰਦੇ ਹਨ ਜੋ ਕੈਨੇਡਾ ਦੇ ਪਹਿਲੇ ਘੱਟ ਗਿਣਤੀ ਫ਼ੈਡਰਲ ਆਗੂ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਦੋਹਾਂ ਆਗੂਆਂ ਦਰਮਿਆਨ 15 ਤੋਂ 20 ਮਿੰਟ ਤੱਕ ਗੱਲਬਾਤ ਹੋਈ। ਦੱਸਣਯੋਗ ਹੈ ਕਿ ਕੈਨੇਡਾ ਵਿਚ 21 ਅਕਤੂਬਰ ਨੂੰ ਫੈਡਰਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ।

Sunny Mehra

This news is Content Editor Sunny Mehra