ਕੈਨੇਡੀਅਨ ਪੀ. ਐੱਮ. ਟਰੂਡੋ ਨੇ ਭਾਰਤੀ ਰੈਸਟੋਰੈਂਟ ''ਚ ਹੋਏ ਧਮਾਕੇ ਦੀ ਕੀਤੀ ਨਿੰਦਾ

05/26/2018 11:41:46 AM

ਓਨਟਾਰੀਓ— ਕੈਨੇਡੀਅਨ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਸਾਗਾ 'ਚ ਸ਼ੁੱਕਰਵਾਰ ਨੂੰ ਇਕ ਭਾਰਤੀ ਰੈਸਟੋਰੈਂਟ 'ਚ ਬੰਬ ਧਮਾਕਾ ਹੋਇਆ, ਜਿਸ ਕਾਰਨ 15 ਲੋਕ ਜ਼ਖਮੀ ਹੋ ਗਏ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ,''ਅਸੀਂ ਇਸ ਹਿੰਸਾ ਦੇ ਪੀੜਤਾਂ ਨਾਲ ਖੜ੍ਹੇ ਹਾਂ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਉਮੀਦ ਕਰਦੇ ਹਾਂ। ਅਸੀਂ ਇਸ 'ਤੇ ਮਿਸੀਸਾਗਾ ਦੀ ਪੁਲਸ ਅਤੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।''

ਮਿਸੀਸਾਗਾ ਦੀ ਮੇਅਰ ਬੋਨੀ ਕਰੋਬੀ ਨੇ ਕਿਹਾ ਕਿ ਉਹ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਸ ਦੇ ਆਪਣੇ ਮਿਸੀਸਾਗਾ 'ਚ ਅਜਿਹੀ ਕੋਈ ਵਾਰਦਾਤ ਵਾਪਰੇਗੀ। ਉਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਅਜਿਹੀ ਘਟੀਆ ਘਟਨਾ ਨੂੰ ਅੰਜਾਮ ਕਿਉਂ ਦਿੱਤਾ। ਬ੍ਰਾਜ਼ੀਲ ਤੋਂ ਕੈਨੇਡਾ ਆਈ ਇਕ ਵਿਦਿਆਰਥਣ ਨੇ ਦੱਸਿਆ ਕਿ ਇੱਥੇ ਬੱਚੇ ਦੀ ਜਨਮ ਦਿਨ ਪਾਰਟੀ ਚੱਲ ਰਹੀ ਸੀ ਅਤੇ ਧਮਾਕਾ ਹੁੰਦਿਆਂ ਹੀ ਇੱਥੇ ਚੀਕਾਂ ਸੁਣਾਈ ਦੇਣ ਲੱਗੀਆਂ। ਉਸ ਨੇ ਦੱਸਿਆ ਕਿ ਫਰਸ਼ 'ਤੇ ਖੂਨ ਹੀ ਖੂਨ ਫੈਲਿਆ ਹੋਇਆ ਸੀ ਅਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਸਨ।

ਉਸ ਨੇ ਕਿਹਾ ਕਿ ਇਹ ਬਹੁਤ ਦਰਦਨਾਕ ਮੰਜ਼ਰ ਸੀ, ਜਿਸ ਨੇ ਹਰੇਕ ਨੂੰ ਡਰਾ ਦਿੱਤਾ। ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਭਾਰਤੀ ਲੋਕਾਂ ਵੱਲੋਂ ਚਲਾਏ ਜਾ ਰਹੇ ਰੈਸਟੋਰੈਂਟ 'ਬਾਂਬੇ ਬੇਲ' 'ਚ ਦੋ ਨਕਾਬਪੋਸ਼ ਵਿਅਕਤੀਆਂ ਨੇ ਧਮਾਕਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਇਨ੍ਹਾਂ ਦੋਹਾਂ ਦੋਸ਼ੀਆਂ ਦੀ ਭਾਲ ਕਰ ਰਹੀ ਹੈ।