ਜੂਲੀਅਨ ਅਸਾਂਜੇ ਆਪਣੇ ਘਰ ਆਸਟ੍ਰੇਲੀਆ ਪਰਤ ਸਕਦੇ ਹਨ : ਸਕੌਟ ਮੌਰੀਸਨ

01/05/2021 6:09:25 PM

ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਜੇਕਰ ਬ੍ਰਿਟਿਸ਼ ਅਦਾਲਤਾਂ ਦੁਆਰਾ ਸੰਯੁਕਤ ਰਾਜ ਦੀ ਹਵਾਲਗੀ ਦੀ ਬੇਨਤੀ ਨੂੰ ਰੋਕਿਆ ਜਾਂਦਾ ਹੈ ਤਾਂ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਆਸਟ੍ਰੇਲੀਆ ਪਰਤਣ ਲਈ ਸੁਤੰਤਰ ਹਨ। ਆਸਟ੍ਰੇਲੀਆਈ ਨਾਗਰਿਕ ਅਤੇ ਸੀਨੀਅਰ ਪੱਤਰਕਾਰ 49 ਸਾਲਾ ਜੂਲੀਅਨ ਅਸਾਂਜੇ ‘ਵਿਕੀਲੀਕਸ’ ਦੇ ਬਾਨੀ ਵੀ ਹਨ ਅਤੇ ਮੌਜੂਦਾ ਸਮੇਂ ਵਿਚ ਬ੍ਰਿਟੇਨ ਦੀਆਂ ਅਦਾਲਤਾਂ ਵਿਚ ਅਮਰੀਕਾ ਨੂੰ ਆਪਣੀ ਹਵਾਲਗੀ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ। 

ਜ਼ਿਕਰਯੋਗ ਹੈ ਕਿ ਉਕਤ ਪੱਤਰਕਾਰ 'ਤੇ ਅਮਰੀਕਾ ਵੱਲੋਂ ਘੱਟੋ ਘੱਟ 14 ਜਾਸੂਸੀ ਦੇ ਮਾਮਲਿਆਂ ਵਿਚ ਕੇਸ ਦਰਜ ਕੀਤੇ ਹਨ ਅਤੇ ਜੇਕਰ ਉਹ ਅਮਰੀਕਾ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ ਤਾਂ ਅਮਰੀਕਾ ਵਿਚ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ 175 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਮਰੀਕਾ ਨੇ ਆਪਣੇ ਦੋਸ਼ਾਂ ਵਿਚ ਕਿਹਾ ਹੈ ਕਿ ਵਿਕੀਲੀਕਸ ਰਾਹੀਂ ਅਮਰੀਕਾ ਦੀ ਮਿਲਟਰੀ ਦੀਆਂ ਕਾਰਵਾਈਆਂ ਜਿਹੜੀਆਂ ਕਿ ਇਰਾਕ ਅਤੇ ਅਫ਼ਗਾਨਿਸਤਾਨ ਵਿਚ ਕੀਤੀਆਂ ਗਈਆਂ ਸਨ, ਦੀ ਖੁੱਲ੍ਹੇਆਮ ਚਰਚਾ ਕੀਤੀ ਗਈ ਹੈ। ਉੱਧਰ ਪੱਤਰਕਾਰ ਐਸੋਸਿਏਸ਼ਨਾਂ ਦਾ ਕਹਿਣਾ ਹੈ ਕਿ ਪੱਤਰਕਾਰੀ ਦਾ ਅਸੂਲ ਹੀ ਇਹ ਹੈ ਕਿ ਦੁਨੀਆ ਨੂੰ ਸੱਚ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਸ ਵਿਚ ਵਿਕੀਲੀਕਸ ਵਿਚ ਕੁਝ ਵੀ ਗਲਤ ਜਾਂ ਤੱਥਾਂ ਤੋਂ ਬਿਨ੍ਹਾਂ ਨਹੀਂ ਕਿਹਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਬਾਰੇ ਖੁਲਾਸਾ ਕਰਨ ਵਾਲੀ ਡਾਕਟਰ ਦਾ ਦੋਸ਼, ਹਸਪਤਾਲ ਦੀ ਲਾਪਰਵਾਹੀ ਨਾਲ ਗਈ ਅੱਖ ਦੀ ਰੌਸ਼ਨੀ

ਅਮਰੀਕਾ ਦੇ ਅਜਿਹੇ ਇਲਜ਼ਾਮ ਸਿੱਧੇ ਤੌਰ 'ਤੇ ਪ੍ਰੈਸ ਅਤੇ ਬੋਲਣ ਦੀ ਆਜ਼ਾਦੀ ਉੱਪਰ ਹਮਲਾ ਹਨ। ਆਸਟ੍ਰੇਲੀਆਈ ਪੱਤਰਕਾਰ ਐਸੋਸਿਏਸ਼ਨ ਨੇ ਵੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅੰਤਰ-ਰਾਸ਼ਟਰੀ ਦਬਾਅ ਬਣਾ ਕੇ ਤੁਰੰਤ ਜੂਲੀਅਨ ਅਸਾਂਜੇ ਨੂੰ ਆਸਟ੍ਰੇਲੀਆ ਵਾਪਿਸ ਲੈ ਕੇ ਆਇਆ ਜਾਵੇ ਤਾਂ ਜੋ ਉਨ੍ਹਾਂ ਦੀ ਜਾਨ ਦੀ ਰੱਖਿਆ ਕੀਤੀ ਜਾ ਸਕੇ। ਕਿਉਂਕਿ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਮਾਨਸਿਕ ਤਣਾਅ ਝੱਲ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana