ਅਮਰੀਕੀ ਅਰਬਪਤੀ ਦੀ ਮੌਤ ''ਤੇ ਸੰਸਦ ਮੈਂਬਰਾਂ ਨੇ ਚੁੱਕੇ ਸਵਾਲ, ਮੰਗੇ ਜਵਾਬ

08/12/2019 12:16:51 PM

ਨਿਊਯਾਰਕ— ਅਮਰੀਕਾ ਦੀ ਇਕ ਜੇਲ 'ਚ ਜਿਨਸੀ ਸ਼ੋਸ਼ਣ ਦੇ ਦੋਸ਼ੀ, ਦੇਹ ਵਪਾਰੀ ਅਤੇ ਅਮਰੀਕੀ ਫਾਇਨਾਂਸਰ ਜੇਫਰੀ ਐਪਸਟੀਨ ਦੀ ਆਤਮ-ਹੱਤਿਆ ਨੂੰ ਲੈ ਕੇ ਐਤਵਾਰ ਨੂੰ ਦੇਸ਼ ਭਰ 'ਚ ਨਾਰਾਜ਼ਗੀ ਹੋਰ ਵਧ ਗਈ। ਕਈ ਅਮਰੀਕੀ ਸੰਸਦ ਮੈਂਬਰਾਂ ਨੇ ਇਸ ਨੂੰ ਲੈ ਕੇ ਜਵਾਬਦੇਹੀ ਮੰਗੀ ਹੈ ਅਤੇ ਸ਼ੱਕ ਪ੍ਰਗਟਾਇਆ ਹੈ ਕਿ ਉਸ ਦੀ ਮੌਤ ਪਿੱਛੇ ਕੋਈ ਅਪਰਾਧਕ ਕਾਰਨਾਮਾ ਹੋ ਸਕਦਾ ਹੈ। ਜਿਨਸੀ ਸ਼ੋਸ਼ਣ ਅਤੇ ਅਮਰੀਕੀ ਫਾਇਨਾਂਸਰ ਜੇਫਰੀ ਐਪਸਟੀਨ ਸ਼ਨੀਵਾਰ ਨੂੰ ਜੇਲ 'ਚ ਮਰਿਆ ਹੋਇਆ ਮਿਲਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਆਤਮ-ਹੱਤਿਆ ਕੀਤੀ। 

ਅਮਰੀਕਾ 'ਚ ਇਸ ਗੱਲ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਜੇਲ 'ਚ ਬੰਦ ਹਾਈ-ਪ੍ਰੋਫਾਇਲ ਵਿਅਕਤੀ ਨੇ ਆਤਮ ਹੱਤਿਆ ਕਿਵੇਂ ਕਰ ਲਈ। ਸਰਕਾਰ ਅਤੇ ਐੱਫ. ਬੀ. ਆਈ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੇਤਾਵਾਂ, ਕਾਨੂੰਨ ਪਰਿਵਰਤਨ ਅਧਿਕਾਰੀਆਂ ਅਤੇ ਪੀੜਤਾਂ ਨੇ ਇਸ 'ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਐਪਸਟੀਨ ਨੇ ਹਾਲ ਹੀ 'ਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਬਾਅਦ ਉਸ 'ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਸੀ, ਤਾਂ ਅਜਿਹੇ 'ਚ ਉਸ ਨੇ ਆਪਣੀ ਜਾਨ ਕਿਵੇਂ ਲੈ ਲਈ। 
ਐਪਸਟੀਨ ਦੇ ਕਈ ਨੇਤਾਵਾਂ ਅਤੇ ਮਸ਼ਹੂਰ ਲੋਕਾਂ ਨਾਲ ਨੇੜਲੇ ਸਬੰਧ ਸਨ। ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਐਪਸਟੀਨ ਨਿਊਯਾਰਕ ਦੇ ਮੈਟਰੋਪੋਲਿਟਨ ਸੁਧਾਰ ਕੇਂਦਰ 'ਚ ਮਰਿਆ ਹੋਇਆ ਮਿਲਿਆ। ਉਸ ਨੇ ਸਪੱਸ਼ਟ ਰੂਪ ਨਾਲ ਆਤਮ ਹੱਤਿਆ ਕੀਤੀ ਹੈ। ਅਮਰੀਕਾ ਦੇ ਅਟਾਰਨੀ ਜਨਰਲ ਬਿੱਲ ਬਾਰ ਨੇ ਦੱਸਿਆ ਕਿ ਉਹ ਇਸ ਘਟਨਾ ਨਾਲ ਹੈਰਾਨ ਹਨ ਅਤੇ ਉਨ੍ਹਾਂ ਨੇ ਨਿਆਂ ਵਿਭਾਗ ਦੇ ਜਾਂਚ ਅਧਿਕਾਰੀਆਂ ਨੂੰ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ,''ਐਪਸਟੀਨ ਦੀ ਮੌਤ ਗੰਭੀਰ ਪ੍ਰਸ਼ਨ ਖੜ੍ਹੇ ਕਰਦੀ ਹੈ, ਜਿਨ੍ਹਾਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ।'' ਉਨ੍ਹਾਂ ਨੇ ਕਿਹਾ ਕਿ ਐੱਫ. ਬੀ. ਆਈ. ਵੀ ਜਾਂਚ ਕਰ ਰਹੀ ਹੈ। ਡੈਮੋਕ੍ਰੇਟਿਕ ਸੈਨੇਟਰ ਅਤੇ ਪਾਰਟੀ ਵਲੋਂ 2020 ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਸ਼ਾਮਲ ਕ੍ਰਿਸਟਨ ਗਿਲੀਬ੍ਰੈਂਡ ਨੇ ਐਤਵਾਰ ਨੂੰ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਉਸ ਨੇ ਆਤਮ-ਹੱਤਿਆ ਕਰ ਲਈ। ਜ਼ਿਕਰਯੋਗ ਹੈ ਕਿ ਕਿਹਾ ਜਾ ਰਿਹਾ ਸੀ ਕਿ ਉਸ ਨੇ ਜੇਲ 'ਚ ਫਾਂਸੀ ਲਗਾ ਲਈ ਸੀ ਪਰ ਅਜੇ ਤਕ ਮੈਡੀਕਲ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਉਸ ਦੀ ਮੌਤ ਕਿਵੇਂ ਹੋਈ। 66 ਸਾਲਾ ਐਪਸਟੀਨ 23 ਜੁਲਾਈ ਨੂੰ ਵੀ ਬੇਹੋਸ਼ ਮਿਲਿਆ ਸੀ ਤੇ ਉਸ ਦੇ ਗਲੇ 'ਤੇ ਨਿਸ਼ਾਨ ਸਨ। ਇਸ ਦੇ ਬਾਅਦ ਉਸ ਨੂੰ ਸਖਤ ਸੁਰੱਖਿਆ ਵਾਲੀ ਜੇਲ 'ਚ ਭੇਜਿਆ ਗਿਆ। ਉਸ 'ਤੇ ਨਾਬਾਲਗ ਕੁੜੀਆਂ ਦਾ ਦੇਹ ਵਪਾਰ ਕਰਨ ਦੇ ਵੀ ਦੋਸ਼ ਸਨ, ਜਿਨ੍ਹਾਂ 'ਚੋਂ ਕੁਝ ਦੋਸ਼ ਉਹ ਸਵਿਕਾਰ ਕਰ ਚੁੱਕਾ ਸੀ।