ਵਿਰਸਾ ਫਾਊਂਡੇਸ਼ਨ ਦੇ ਸ਼ੋਅ ''ਚ ਜਾਸਰ ਹੁਸੈਨ ਤੇ ਰਾਜੀ ਮੁਸੱਵਰ ਨੇ ਕੀਲੇ ਸਰੋਤੇ

05/15/2023 4:03:34 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) : ਫਰਿਜ਼ਨੋ ਸ਼ਹਿਰ ਜਿਸ ਨੂੰ ਪੰਜਾਬੀਆਂ ਦੀ ਰਾਜਧਾਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇੱਥੇ ਹਰ ਸ਼ੋਅ, ਹਰ ਮੇਲਾ ਪੰਜਾਬੀਆਂ ਦੀ ਭਾਰੀ ਸ਼ਮੂਲੀਅਤ ਮਾਣਦਾ ਨੱਕੋ-ਨੱਕ ਭਰ ਜਾਂਦਾ ਹੈ। ਇਸੇ ਕਰਕੇ ਹਰ ਪ੍ਰਮੋਟਰ ਅਤੇ ਹਰੇਕ ਕਲਾਕਾਰ ਦੀ ਦਿਲੀ ਇੱਛਾ ਹੁੰਦੀ ਹੈ ਕਿ ਮੇਰਾ ਪ੍ਰੋਗਰਾਮ ਫਰਿਜ਼ਨੋ 'ਚ ਜ਼ਰੂਰ ਹੋਵੇ। ਪ੍ਰੋਗਰਾਮਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਇਸੇ ਕੜੀ ਤਹਿਤ ਵਿਰਸਾ ਫਾਊਂਡੇਸ਼ਨ ਨੇ ਫੋਕ ਲੋਰ ਦੇ ਸਹਿਯੋਗ ਨਾਲ ਸਕਿੱਚ ਆਰਟਿਸਟ ਰਾਜੀ ਮੁਸੱਵਰ ਦੀ ਸਕਿੱਚ ਪ੍ਰਦਰਸ਼ਨੀ ਲਗਾਈ ਤੇ ਗਾਇਕ ਜਾਸਰ ਹੁਸੈਨ ਦਾ ਸ਼ੋਅ ਸਥਾਨਕ ਰੀਜੈਂਸੀ ਹਾਲ ਵਿੱਚ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ 'ਚ ਲੋਕ ਪਰਿਵਾਰਾਂ ਸਮੇਤ ਪਹੁੰਚੇ।

ਇਹ ਵੀ ਪੜ੍ਹੋ : ਸਾਹਿਤ ਸੁਰ ਸੰਗਮ ਸਭਾ ਇਟਲੀ ਤੇ ਯੂਰਪੀ ਸਾਹਿਤਕ ਭਾਈਚਾਰੇ ਵੱਲੋਂ ਲੇਖਕ ਕੇਹਰ ਸ਼ਰੀਫ ਦੀ ਮੌਤ 'ਤੇ ਦੁੱਖ ਪ੍ਰਗਟ

ਇਸ ਮੌਕੇ ਸਟੇਜ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ। ਉਪਰੰਤ ਆਸਟ੍ਰੇਲੀਆ ਤੋਂ ਪਹੁੰਚੇ ਸਕਿੱਚ ਆਰਟਿਸਟ ਰਾਜੀ ਮੁਸੱਵਰ ਦੀ ਸਕਿੱਚ ਪ੍ਰਦਰਸ਼ਨੀ ਦਾ ਲੋਕਾਂ ਨੇ ਭਰਪੂਰ ਆਨੰਦ ਲਿਆ ਅਤੇ ਰਾਜੀ ਨੇ ਸਟੇਜ ਤੋਂ ਆਰਟ ਸਬੰਧੀ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੈਂ ਸਕਿੱਚ ਨਹੀਂ ਵਹੁੰਦਾ, ਬਲਕਿ ਜਿਹੜੇ ਲੋਕਾਂ ਦੇ ਦਾਦੇ, ਨਾਨੇ ਜਾਂ ਮਾਪੇ ਇਸ ਜਹਾਨ ਤੋਂ ਕੂਚ ਕਰ ਗਏ ਹਨ, ਉਨ੍ਹਾਂ ਦੀਆਂ ਰੂਹਾਂ ਨੂੰ ਤਸਵੀਰਾਂ ਰਾਹੀਂ ਤਰਾਸ਼ ਕੇ ਰਿਸ਼ਤੇ-ਨਾਤੇ ਬਣਾਉਣਾ ਹਾਂ। ਉਨ੍ਹਾਂ ਕਿਹਾ ਕਿ ਮੇਰੀਆਂ ਤਸਵੀਰਾਂ ਕਵਿਤਾਵਾਂ ਕਹਿੰਦੀਆਂ ਹਨ, ਗ਼ਜ਼ਲਾਂ ਗਾਉਂਦੀਆਂ ਹਨ। ਉਹ ਕਵਿਤਾ ਵੀ ਬਾ-ਕਮਾਲ ਲਿਖਦੇ ਨੇ ਤੇ ਗਜ਼ਲ ਵੀ ਖੂਬਸੂਰਤ ਗਾਉਂਦੇ ਹਨ। ਸਟੇਜ ਤੋਂ ਉਨ੍ਹਾਂ ਆਪਣੀ ਸ਼ਾਇਰੀ ਵੀ ਗਾਈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਪੁਲਾੜ ’ਚ ਖੁੱਲ੍ਹ ਰਿਹੈ ਸ਼ਾਨਦਾਰ ਰੈਸਟੋਰੈਂਟ, ਉੱਡਦੇ ਹੋਏ ਖਾ ਸਕੋਗੇ ਖਾਣਾ

ਇਸ ਤੋਂ ਬਾਅਦ ਗਾਇਕ ਜਾਸਰ ਹੁਸੈਨ ਨੇ ਲੋਕ ਗਾਇਕੀ ਦਾ ਅਜਿਹਾ ਖੂਹ ਗੇੜਿਆ ਕਿ ਹਰ ਕੋਈ ਨੱਕੋ-ਨੱਕ ਭਰ ਗਿਆ। ਉਨ੍ਹਾਂ ਲਗਤਾਰ 4 ਘੰਟੇ ਲੋਕ ਗੀਤ ਗਾ ਕੇ ਤੇ ਟੱਪੇ ਸੁਣਾ ਕੇ ਹਰ ਕਿਸੇ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ। ਉਨ੍ਹਾਂ ਨੇ ਢੋਲ ਦੇ ਡਗੇ 'ਤੇ ਅਜਿਹੀ ਧਮਾਲ ਪਾਈ ਕਿ ਦਰਸ਼ਕ ਨੱਚ-ਨੱਚ ਕੇ ਦੂਹਰੇ ਹੋ ਗਏ। ਅਖੀਰ 'ਚ ਵਿਰਸਾ ਫਾਊਂਡੇਸ਼ਨ ਦੇ ਮੈਂਬਰ ਬਿੱਟੂ ਕੁੱਸਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਫੋਕ ਲੋਰ ਦੇ ਮਨਰੀਤ ਲੱਧੜ ਨੇ ਸ਼ੋਅ ਦੀ ਰੱਜ ਕੇ ਤਾਰੀਫ਼ ਕੀਤੀ। ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿਬੜਿਆ।

Mukesh

This news is Content Editor Mukesh