ਜਾਪਾਨ ਨੇ ਅਮਰੀਕਾ, ਬ੍ਰਿਟੇਨ ਸਮੇਤ 70 ਦੇਸ਼ਾਂ ਲਈ ਯਾਤਰਾ ਪਾਬੰਦੀ ''ਚ ਕੀਤਾ ਵਿਸਥਾਰ

04/03/2020 5:29:06 PM

ਟੋਕੀਓ (ਬਿਊਰੋ): ਕੋਰੋਨਾਵਾਇਰਸ ਦੇ ਵੱਧਦੇ ਇਨਫੈਕਸ਼ਨ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਜਾਪਾਨ ਨੇ 70 ਤੋਂ ਵਧੇਰੇ ਦੇਸ਼ਾਂ ਲਈ ਯਾਤਰਾ ਪਾਬੰਦੀ ਦਾ ਵਿਸਥਾਰ ਕੀਤਾ ਹੈ। ਇਹਨਾਂ 70 ਦੇਸ਼ਾਂ ਵਿਚ ਯੂਕੇ, ਚੀਨ ਅਤੇ ਅਮਰੀਕਾ ਵੀ ਸ਼ਾਮਲ ਹਨ। ਇਹ ਫੈਸਲਾ ਕੋਰੋਨਾ ਦੇ ਇਨਫੈਕਸ਼ਨ ਨੂੰ ਘੱਟ ਕਰਨ ਲਈ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਇਸ ਸਮੇਂ ਪੂਰੀ ਦੁਨੀਆ ਜਾਨਲੇਵਾ ਕੋਰੋਨਾ ਨਾਲ ਜੂਝ ਰਹੀ ਹੈ। ਇਸ ਬੀਮਾਰੀ ਦਾ ਹੁਣ ਤੱਕ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਪਾਈ ਹੈ। 

ਚੀਨ ਦੇ ਵੁਹਾਨ ਤੋਂ ਫੈਲੇ ਇਸ ਵਾਇਰਸ ਨਾਲ ਲੱਗਭਗ 200 ਤੋਂ ਵਧੇਰੇ ਦੇਸ਼ ਪ੍ਰਭਾਵਿਤ ਹਨ। ਸਾਰੇ ਦੇਸ਼ ਆਪਣੇ ਪੱਧਰ 'ਤੇ ਇਸ ਵਾਇਰਸ ਨਾਲ ਨਜਿੱਠਣ ਲਈ ਕਦਮ ਚੁੱਕ ਰਹੇ ਹਨ। ਜਾਪਾਨ ਵੱਲੋਂ ਲਾਈ ਪਾਬੰਦੀ ਉਹਨਾਂ ਲੋਕਾਂ 'ਤੇ ਵੀ ਲਾਗੂ ਹੁੰਦੀ ਹੈ ਜਿਹਨਾਂ ਨੇ ਪਿਛਲੇ 14 ਦਿਨਾਂ ਵਿਚ ਸੂਚੀਬੱਧ ਦੇਸ਼ਾਂ ਜਾਂ ਖੇਤਰਾ ਦਾ ਦੌਰਾ ਕੀਤਾ ਹੈ। ਸੀ.ਐੱਨ.ਐੱਨ. ਨੇ ਦੱਸਿਆ ਕਿ ਨਵੇਂ ਨਿਯਮ ਸ਼ੁੱਕਰਵਾਰ ਤੱਕ ਪਹੁੰਚਣ ਵਾਲਿਆਂ 'ਤੇ ਵੀ ਲਾਗੂ ਹੋਣਗੇ। ਇੱਥੋਂ ਤੱਕ ਕਿ ਉਹਨਾਂ ਲੋਕਾਂ ਲਈ ਵੀ ਜਿਹਨਾਂ ਦੀ ਉਡਾਣ 3 ਅਪ੍ਰੈਲ ਤੋਂ ਪਹਿਲਾਂ ਰਵਾਨਾ ਹੋਈਹੈ। ਭਾਵੇਂਕਿ ਯਾਤਰਾ ਪਾਬੰਦੀ ਦੀ ਕੋਈ ਆਖਰੀ ਤਰੀਕ ਐਲਾਨੀ ਨਹੀਂ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਬਣ ਗਿਆ ਕੋਵਿਡ-19 ਦੇ ਇਲਾਜ ਦਾ ਟੀਕਾ

ਜੌਨਸ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਇਕੱਠੇ ਕੀਤੇ ਅੰਕੜਿਆਂ ਦੇ ਮੁਤਾਬਕ ਜਾਪਾਨ ਵਿਚ ਹੁਣ ਤੱਕ ਕੋਵਿਡ-19 ਦੇ ਨਾਲ 63 ਮੌਤਾਂ ਦੇ ਨਾਲ 2,617 ਪੁਸ਼ਟੀ ਮਾਮਲੇ ਸਾਹਮਣੇ ਆਏ ਹਨ।  2,082 ਮਾਮਲੇ ਹਾਲੇ ਵੀ ਕਿਰਿਆਸ਼ੀਲ ਹਨ ਜਦਕਿ 472 ਲੋਕ ਠੀਕ ਹੋਏ ਹਨ। ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਵਿਡ-19 ਨੂੰ ਮਹਾਮਾਰੀ ਐਲਾਨਿਆ ਸੀ।ਉੱਧਰ ਦੁਨੀਆ ਭਰ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਕਾਰਨ 53 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 10 ਲੱਖ ਤੋਂ ਵਧੇਰੇ ਇਨਫੈਕਟਿਡ ਹਨ।

Vandana

This news is Content Editor Vandana