ਨਵਾਂ ਚੈਲੇਂਜ, ਇਸ ਦੇਸ਼ 'ਚ 100 ਕਟੋਰੇ ਨੂਡਲਜ਼ ਖਾਣ ਵਾਲਾ ਬਣਦੈ ਜੇਤੂ

02/19/2019 11:18:49 AM

ਟੋਕੀਓ (ਬਿਊਰੋ)— ਜਾਪਾਨ ਵਿਚ ਇਨੀਂ ਦਿਨੀਂ ਅਨੋਖਾ ਨੂਡਲ ਚੈਲੇਂਜ ਚੱਲ ਰਿਹਾ ਹੈ। ਇਸ ਚੈਲੇਂਜ ਵਿਚ ਮੁੰਡਿਆਂ ਨੂੰ ਨੂਡਲਜ਼ ਦੇ 100 ਕਟੋਰੇ ਖਾਣੇ ਪੈਂਦੇ ਹਨ। ਸੋਸ਼ਲ ਮੀਡੀਆ 'ਤੇ ਇਹ ਚੈਲੇਂਜ ਕਾਫੀ ਵਾਇਰਲ ਹੋ ਰਿਹਾ ਹੈ। ਇਨ੍ਹਾਂ ਨੂਡਲਜ਼ ਨੂੰ 'ਵੈਨਕੋ ਸੋਬਾ' ਕਹਿੰਦੇ ਹਨ। ਜਾਪਾਨ ਦੇ ਕਈ ਰੈਸਟੋਰੈਂਟ ਵਿਚ ਇਹ ਚੈਲੇਂਜ ਚੱਲ ਰਿਹਾ ਹੈ। ਇਹ ਚੈਲੇਂਜ 400 ਸਾਲ ਪੁਰਾਣੀ ਪਰੰਪਰਾ ਦੇ ਆਧਾਰ 'ਤੇ ਸ਼ੁਰੂ ਹੋਇਆ ਹੈ।

ਜਾਣੋ ਵੈਨਕੋ ਸੋਬਾ ਚੈਲੇਂਜ ਦੇ ਬਾਰੇ 'ਚ
ਵੈਨਕੋ ਸੋਬਾ ਇਕ ਤਰ੍ਹਾਂ ਦਾ ਨੂਡਲ ਹੈ। ਮਹਿਮਾਨਾਂ ਨੂੰ ਇਹ ਨੂਡਲ ਪੇਟ ਭਰ ਖਵਾਉਣ ਦੀ ਪਰੰਪਰਾ ਜਾਪਾਨ ਦੇ ਇਵਾਤੇ ਪ੍ਰੀਫੈਕਚਰ ਵਿਚ ਸਾਲ 1600 ਤੋਂ ਸ਼ੁਰੂ ਹੋਈ। ਬਾਅਦ ਵਿਚ ਇਹ ਪਰੰਪਰਾ ਚੈਲੇਂਜ ਵਿਚ ਤਬਦੀਲ ਹੋਈ। ਚੈਲੇਂਜ ਦੌਰਾਨ ਛੋਟੇ-ਛੋਟੇ ਕਟੋਰਿਆਂ ਵਿਚ ਇਕ ਵਿਅਕਤੀ ਨੂਡਲ ਦਿੰਦੇ ਜਾਂਦਾ ਹੈ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਵਿਅਕਤੀ ਨੂੰ ਇਸ ਨੂੰ ਤੇਜ਼ੀ ਨਾਲ ਖਾਣਾ ਹੁੰਦਾ ਹੈ। ਚੈਲੇਂਜ ਦੌਰਾਨ ਭਾਗੀਦਾਰ ਨੂੰ ਸਬਜੀਆਂ, ਫਲ, ਅੰਡਾ ਰੋਲ ਸਮੇਤ ਹੋਰ ਵੀ ਕਈ ਚੀਜ਼ਾਂ ਖਾਣੀਆਂ ਪੈਂਦੀਆਂ ਹਨ ਤਾਂ ਜੋ ਚੈਲੇਂਜ ਪੂਰਾ ਕਰਨਾ ਮੁਸ਼ਕਲ ਹੋ ਜਾਵੇ। ਭਾਵੇਂਕਿ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਨੂਡਲਜ਼ ਦਾ ਸੁਆਦ ਬਦਲਣ ਲਈ ਅਜਿਹਾ ਕੀਤਾ ਜਾਂਦਾ ਹੈ। 

ਚੈਲੇਂਜ ਜਿੱਤਣ ਲਈ ਲਗਾਈ ਜਾਂਦੀ ਹੈ ਸ਼ਰਤ
ਮਹਿਲਾ ਅਤੇ ਵਿਦਿਆਰਥੀਆਂ ਨੂੰ 80 ਕਟੋਰੇ ਅਤੇ ਮੁੰਡਿਆਂ ਨੂੰ 100 ਕਟੋਰੇ ਨੂਡਲਜ਼ ਖਾਣ 'ਤੇ ਹੀ ਜੇਤੂ ਐਲਾਨਿਆ ਜਾਂਦਾ ਹੈ। ਮੁਕਾਬਲੇ ਦੌਰਾਨ ਰੈਸਟੋਰੈਂਟ ਦਾ ਤਾਪਮਾਨ ਗਰਮ ਰੱਖਿਆ ਜਾਂਦਾ ਹੈ। ਚੈਲੇਂਜ ਵਿਚ ਹਿੱਸਾ ਲੈਣ ਵਾਲੇ 4 ਲੋਕਾਂ ਦੇ ਗਰੁੱਪ ਨੂੰ ਕਰੀਬ 1700 ਰੁਪਏ ਦੇਣੇ ਪੈਂਦੇ ਹਨ। ਲੋਕ ਇੱਥੇ ਆਪਣੇ ਦੋਸਤਾਂ ਦੇ ਨਾਲ ਆਉਂਦੇ ਹਨ ਅਤੇ ਚੈਲੇਂਜ ਜਿੱਤਣ ਲਈ ਸ਼ਰਤ ਲਗਾਉਂਦੇ ਹਨ। ਵਰਤਮਾਨ ਵਿਚ 601 ਕਟੋਰੇ ਨੂਡਲਜ਼ ਖਾਣ ਦਾ ਰਿਕਾਰਡ ਤਚਿਬਾਨਾ ਦੇ ਨਾਮ ਹੈ।

ਇਸ ਤਰ੍ਹਾਂ ਹੋਈ ਸ਼ੁਰੂ ਹੋਈ ਪਰੰਪਰਾ
ਜਾਪਾਨੀ ਰੈਸਟੋਰੈਂਟ ਅਜੂਮਯਾ ਸੋਬਾ ਦੇ ਮਾਲਕ ਦੱਸਦੇ ਹਨ ਕਿ ਜਾਪਾਨ ਦੇ ਇਕ ਇਲਾਕੇ ਹਨਾਮਾਕੀ ਵਿਚ ਉੱਚੇ ਪਹਾੜ ਹੋਣ ਕਾਰਨ ਕਿਸਾਨ ਸੋਬਾ (ਇਕ ਤਰ੍ਹਾਂ ਦਾ ਅਨਾਜ) ਜ਼ਿਆਦਾ ਉਗਾਉਂਦੇ ਸਨ, ਜਿਸ ਨਾਲ ਨੂਡਲ ਬਣਾਇਆ ਜਾਂਦਾ ਸੀ। ਇਸ ਲਈ ਉਸ ਦਾ ਨਾਮ ਸੋਬਾ ਨੂਡਲ ਪਿਆ। ਇਵਤੇ ਟੂਰਿਜ਼ਮ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਜਦੋਂ ਭਗਵਾਨ ਹਨਾਮਾਕੀ ਦੀ ਜ਼ਮੀਨ 'ਤੇ ਉਤਰੇ ਸਨ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਇਕ ਛੋਟੇ ਜਿਹ ਕਟੋਰੇ ਵਿਚ ਨੂਡਲ ਖਵਾਏ ਸਨ। 

ਨੂਡਲ ਕਾਫੀ ਸੁਆਦੀ ਹੋਣ ਕਾਰਨ ਉਨ੍ਹਾਂ ਨੇ ਦੁਬਾਰਾ ਖਾਣ ਲਈ ਮੰਗੇ ਸਨ। ਉਦੋਂ ਤੋਂ ਛੋਟੇ-ਛੋਟੇ ਕਟੋਰਿਆਂ ਵਿਚ ਸੋਬਾ ਨੂਡਲ ਖਵਾਉਣ ਦੀ ਪਰੰਪਰਾ ਸ਼ੁਰੂ ਹੋਈ। ਪਰੰਪਰਾ ਮੁਤਾਬਕ ਮਹਿਮਾਨਾਂ ਨੂੰ ਉਦੋਂ ਤੱਕ ਖਵਾਇਆ ਜਾਂਦਾ ਹੈ ਜਦੋਂ ਤੱਕ ਉਨ੍ਹਾਂ ਦਾ ਪੇਟ ਨਾ ਭਰ ਜਾਵੇ। ਹੌਲੀ-ਹੌਲੀ ਇਸ ਦੀ ਸ਼ੁਰੂਆਤ ਦੂਜੇ ਦੇਸ਼ਾਂ ਵਿਚ ਵੀ ਹੋਈ ਅਤੇ ਲੋਕ ਵੈਨਕੋ ਨੂਡਲ ਚੈਲੇਂਜ ਦੇ ਰੂਪ ਵਿਚ ਇਸ ਦਾ ਆਨੰਦ ਲੈਣ ਲੱਗੇ। ਇਹ ਮੁਕਾਬਲਾ ਸਾਲ ਵਿਚ ਦੋ ਵਾਰ ਹੁੰਦਾ ਹੈ।

Vandana

This news is Content Editor Vandana