ਜਾਪਾਨ 'ਚ 3 ਲੋਕਾਂ 'ਚ ਨਵਾਂ ਕੋਰੋਨਾ ਸਟ੍ਰੇਨ, UK ਯਾਤਰਾ ਦਾ ਨਹੀਂ ਹੈ ਰਿਕਾਰਡ

01/18/2021 8:51:59 PM

ਟੋਕੀਓ- ਜਾਪਾਨ ਵਿਚ ਡਾਕਟਰਾਂ ਨੇ ਤਿੰਨ ਲੋਕਾਂ ਵਿਚ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਪੁਸ਼ਟੀ ਕੀਤੀ ਹੈ, ਜੋ ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਪਾਇਆ ਗਿਆ ਸੀ। ਇਨ੍ਹਾਂ ਨੇ ਬ੍ਰਿਟੇਨ ਦੀ ਯਾਤਰਾ ਵੀ ਨਹੀਂ ਕੀਤੀ ਸੀ। ਸੋਮਵਾਰ ਨੂੰ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

ਸਿਹਤ ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਦੀ ਉਮਰ 20 ਸਾਲ ਤੋਂ 60 ਸਾਲ ਵਿਚਕਾਰ ਹੈ ਅਤੇ ਟੋਕੀਓ ਤੋਂ ਲਗਭਗ 200 ਕਿਲੋਮੀਟਰ ਪੱਛਮ ਵਿਚ ਸ਼ੀਜ਼ੋਕਾ ਦੇ ਰਹਿਣ ਵਾਲੇ ਹਨ। ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਵਿਚ ਪਹਿਲੀ ਵਾਰ ਜਨਵਰੀ ਦੇ ਸ਼ੁਰੂ ਵਿਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਸਨ।

ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਥਾਰਟੀਜ਼ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਤਿੰਨੇ ਕਿਸ ਤਰ੍ਹਾਂ ਸੰਕ੍ਰਮਿਤ ਹੋਏ ਪਰ ਹੁਣ ਤੱਕ ਸ਼ੀਜ਼ੋਕਾ ਵਿਚ ਉਸ ਸਟ੍ਰੇਨ ਦੇ ਫੈਲਣ ਦਾ ਕੋਈ ਸਬੂਤ ਨਹੀਂ ਹੈ, ਜਿਸ ਦਾ ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਪਤਾ ਲੱਗਾ ਸੀ। ਗੌਰਤਲਬ ਹੈ ਕਿ ਜਾਪਾਨ ਵਿਚ ਹੁਣ ਤੱਕ ਬ੍ਰਿਟੇਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਵਿਚ ਮਿਲੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਪੁਸ਼ਟੀ 45 ਲੋਕਾਂ ਵਿਚ ਹੋ ਚੁੱਕੀ ਹੈ, ਜਿਨ੍ਹਾਂ ਨੇ ਉੱਥੋਂ ਦੀਆਂ ਯਾਤਰਾਵਾਂ ਕੀਤੀਆਂ ਸਨ। ਜਾਪਾਨ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕਈ ਸੂਬਿਆਂ ਵਿਚ ਐਮਰਜੈਂਸੀ ਵੀ ਲਾਈ ਹੋਈ ਹੈ। ਮਹਾਮਾਰੀ ਦੇ ਸ਼ੁਰੂ ਤੋਂ ਹੁਣ ਤੱਕ ਜਾਪਾਨ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ ਲਗਭਗ 3,35,000 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 4,500 ਲੋਕਾਂ ਦੀ ਮੌਤ ਹੋ ਚੁੱਕੀ ਹੈ।

Sanjeev

This news is Content Editor Sanjeev