ਉੱਤਰੀ ਕੋਰੀਆ ਵੱਲੋਂ ਮਿਜ਼ਾਇਲ ਅਤੇ ਪ੍ਰਮਾਣੂੰ ਪ੍ਰੀਖਣ ਰੋਕਣ ''ਤੇ ਜਾਪਾਨ ਅਸੰਤੁਸ਼ਟ

04/21/2018 11:20:00 AM

ਜਾਪਾਨ— ਉੱਤਰੀ ਕੋਰੀਆ ਵੱਲੋਂ ਮਿਜ਼ਾਇਲ, ਪ੍ਰਮਾਣੂੰ ਪ੍ਰੀਖਣ ਰੋਕਣ 'ਤੇ ਜਾਪਾਨ ਅਸੰਤੁਸ਼ਟ ਹੈ। ਜਾਪਾਨ ਨੇ ਕਿਹਾ ਕਿ ਉਹ ਸੰਤੁਸ਼ਟ ਨਹੀਂ ਹੈ ਅਤੇ ਉੱਤਰੀ ਕੋਰੀਆ 'ਤੇ ਉਸ ਦੀ ਦਬਾਅ ਦੀ ਨੀਤੀ ਜਾਰੀ ਰਹੇਗੀ। ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਵਾਸ਼ਿੰਗਟਨ 'ਚ ਪੱਤਰਕਾਰਾਂ ਨੂੰ ਕਿਹਾ,''ਅਸੀਂ ਸੰਤੁਸ਼ਟ ਨਹੀਂ ਹਾਂ।'' ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਛੋਟੀ ਅਤੇ ਮੱਧ ਦੂਰੀ ਵਾਲੀ ਬੈਲਿਸਟਿਕ ਮਿਜ਼ਾਇਲ ਨੂੰ ਛੱਡਣ ਦਾ ਜ਼ਿਕਰ ਨਹੀਂ ਕੀਤਾ ਹੈ। ਓਨੋਡੇਰਾ ਨੇ ਕਿਹਾ,''ਸਮੂਹਿਕ ਖਾਤਮਾ ਕਰਨ ਵਾਲੇ ਪ੍ਰਮਾਣੂੰ ਹਥਿਆਰਾਂ ਅਤੇ ਮਿਜ਼ਾਇਲਾਂ ਦੇ ਹਥਿਆਰਾਂ ਦੇ ਖਾਤਮੇ ਤਕ' ਉਹ ਪਿਯੋਂਗਯਾਂਗ 'ਤੇ ਦਬਾਅ ਬਣਾਉਣ ਦੀ ਨੀਤੀ ਜਾਰੀ ਰੱਖਣਗੇ। 
ਉੱਥੇ ਹੀ ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦਾ ਇਹ ਕਦਮ 'ਪ੍ਰਮਾਣੂੰ ਨਿਸ਼ਸਤਰੀਕਰਣ' ਦੀ ਦਿਸ਼ਾ 'ਚ ਇਕ ਚੰਗਾ ਕਦਮ ਹੈ। ਦੱਖਣੀ ਕੋਰੀਆ ਨੇ ਇਸ ਨੂੰ ਪ੍ਰਮਾਣੂੰ ਨਿਸ਼ਸਤਰੀਕਰਣ ਦੀ ਦਿਸ਼ਾ 'ਚ ਸਾਰਥਕ ਤਰੱਕੀ ਦੱਸਦੇ ਹੋਏ ਉੱਤਰੀ ਕੋਰੀਆ ਦੀ ਸਿਫਤ ਕੀਤੀ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ,''ਉੱਤਰੀ ਕੋਰੀਆ ਦਾ ਫੈਸਲਾ ਪ੍ਰਮਾਣੂੰ ਨਿਸ਼ਸਤਰੀਕਰਣ ਦੀ ਦਿਸ਼ਾ 'ਚ ਸਾਰਥਕ ਤਰੱਕੀ  ਹੈ, ਜਿਵੇਂ ਕਿ ਵਿਸ਼ਵ ਚਾਹੁੰਦਾ ਹੈ।'' ਉੱਤਰੀ ਕੋਰੀਆ ਦੀ ਇਸ ਘੋਸ਼ਣਾ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ,''ਇਹ ਉੱਤਰੀ ਕੋਰੀਆ ਅਤੇ ਪੂਰੇ ਵਿਸ਼ਵ ਲਈ ਇਕ ਚੰਗੀ ਖਬਰ ਹੈ ਅਤੇ ਇਕ ਵੱਡੀ ਤਰੱਕੀ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕਿਮ ਨਾਲ ਹੋਣ ਵਾਲੇ ਸਿਖਰ ਸੰਮੇਲਨ ਨੂੰ ਲੈ ਕੇ ਉਤਸ਼ਾਹਿਤ ਹਨ।