ਜਾਪਾਨ : ਪੁਲਸ ਨੇ ਐਨੀਮੇਸ਼ਨ ਸਟੂਡੀਓ ਦੇ ਮੁੱਖ ਹਮਲਾਵਰ ਨੂੰ ਕੀਤਾ ਗਿ੍ਰਫਤਾਰ

05/27/2020 11:00:22 PM

ਟੋਕੀਓ - ਜਾਪਾਨ ਪੁਲਸ ਨੇ ਕਿਓਟੋ ਐਨੀਮੇਸ਼ਨ ਸਟੂਡੀਓ ਵਿਚ ਪਿਛਲੇ ਸਾਲ ਜੁਲਾਈ ਵਿਚ 36 ਲੋਕਾਂ ਦੀ ਹੱਤਿਆ ਕਰਨ ਵਾਲੇ ਮੁੱਖ ਸ਼ੱਕੀ ਹਮਲਾਵਰ ਨੂੰ ਬੁੱਧਵਾਰ ਨੂੰ ਗਿ੍ਰਫਤਾਰ ਕਰ ਲਿਆ ਹੈ। ਸਥਾਨਕ ਮੀਡੀਆ ਮੁਤਾਬਕ ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਕਿਓਡੋ ਨਿਊਜ਼ ਮੁਤਾਬਕ, 42 ਸਾਲਾ ਅਓਬਾ ਇਸ ਘਟਨਾ ਵਿਚ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ। ਪੁਲਸ ਨੇ ਹਸਪਤਾਲ ਵਿਚ ਇਲਾਜ ਦੇ 10 ਮਹੀਨੇ ਬਾਅਦ ਉਸ ਨੂੰ ਗਿ੍ਰਫਤਾਰ ਕੀਤਾ ਹੈ। ਦੋਸ਼ੀ ਦੀ ਗਿ੍ਰਫਤਾਰੀ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਵੀ ਦੇਰੀ ਹੋਈ ਹੈ।

ਏਜੰਸੀ ਨੇ ਕਿਓਟੋ ਪੁਲਸ ਪ੍ਰਮੁੱਖ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਸਬੂਤਾਂ ਨੂੰ ਮਿਟਾਉਣ ਜਾਂ ਤਬਾਹ ਹੋਣ ਦਾ ਖਤਰਾ ਹੈ। ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਨੂੰ ਹੱਤਿਆ ਅਤੇ ਅੱਗ ਲਾਉਣ ਦੇ ਦੋਸ਼ਾਂ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਨੀਮੇਸ਼ਨ ਸਟੂਡੀਓ 'ਤੇ ਹਮਲੇ ਵਿਚ 36 ਲੋਕਾਂ ਦੀ ਮੌਤ ਹੋ ਗਈ ਸੀ ਅਤੇ 33 ਹੋਰ ਜ਼ਖਮੀ ਹੋ ਗਏ ਸਨ। ਏਜੰਸੀ ਨੇ ਕਿਓਟੋ ਐਨੀਮੇਸ਼ਨ ਸਟੂਡੀਓ ਦੇ ਹਵਾਲੇ ਤੋਂ ਇਕ ਬਿਆਨ ਵਿਚ ਕਿਹਾ ਕਿ ਸਾਡੇ ਕੋਲ ਸ਼ੱਕੀ ਨੂੰ ਆਖਣ ਲਈ ਕੁਝ ਵੀ ਨਹੀਂ ਹੈ, ਸਾਡੇ ਸਾਥੀ ਕਰਮਚਾਰੀ ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਹ ਕਦੇ ਵਾਪਸ ਨਹੀਂ ਆਉਣਗੇ ਅਤੇ ਸਾਡੇ ਸਹਿਯੋਗੀਆਂ ਦੇ ਜ਼ਖਮ ਕਦੇ ਠੀਕ ਨਹੀਂ ਹੋਣਗੇ। ਗਿ੍ਰਫਤਾਰੀ ਦੌਰਾਨ ਅਓਬਾ ਨੂੰ ਇਕ ਸਟ੍ਰੇਚਰ 'ਤੇ ਲਿਜਾਇਆ ਗਿਆ ਹੈ ਅਤੇ ਕਥਿਤ ਤੌਰ 'ਤੇ ਉਸ ਦੇ ਚਿਹਰੇ ਅਤੇ ਹੱਥਾਂ 'ਤੇ ਕਈ ਨਿਸ਼ਾਨ ਦੇਖੇ ਗਏ। ਕਿਓਟੋ ਪੁਲਸ ਨੇ ਕਿਹਾ ਕਿ ਸ਼ੱਕੀ ਨੇ ਹਮਲੇ ਦੀ ਗੱਲ ਕਬੂਲ ਕਰਦੇ ਹੋਏ ਕਿਹਾ ਕਿ ਉਹ ਜ਼ਿਆਦਾ ਲੋਕਾਂ ਨੂੰ ਮਾਰਨਾ ਚਾਹੁੰਦਾ ਸੀ।

Khushdeep Jassi

This news is Content Editor Khushdeep Jassi