ਜੇਟਲੀ, ਸ਼ੋਇਗੂ ਨੇ ਭਾਰਤ-ਰੂਸ ਫੌਜੀ ਸਹਿਯੋਗ ਦੇ ਖਾਕੇ ''ਤੇ ਕੀਤੇ ਦਸਤਖਤ

06/24/2017 12:35:59 AM

ਮਾਸਕੋ — ਰੱਖਿਆ ਮੰਤਰੀ ਅਰੁਣ ਜੇਟਲੀ ਅਤੇ ਰੂਸ ਦੇ ਰੱਖਿਆ ਮੰਤਰੀ ਜਨਰਲ ਸਰਜੇਈ ਸ਼ੋਇਗੂ ਨੇ ਸ਼ੁੱਕਰਵਾਰ ਨੂੰ ਦੋ-ਪੱਖੀ ਫੌਜੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਰੂਪ-ਰੇਖਾ 'ਤੇ ਹਸਤਾਖਰ ਕੀਤੇ। ਰੂਸ ਦੇ ਸਰਕਾਰੀ ਮੀਡੀਆ ਮੁਤਾਬਕ ਜਨਰਲ ਸ਼ੋਇਗੂ ਨੇ ਫੌਜੀ-ਤਕਨੀਕੀ ਸਹਿਯੋਗ ਲਈ ਰੂਸੀ-ਭਾਰਤੀ ਅੰਤਰ-ਸਰਕਾਰੀ ਆਯੋਗ ਦੀ 17ਵੀਂ ਬੈਠਕ 'ਚ ਕਿਹਾ, ''ਅਸੀਂ ਦੋਵੇਂ ਦੇਸ਼ਾਂ ਦੇ ਸੁਰੱਖਿਆ ਬਲਾਂ ਦੀ ਯੁੱਧ ਦੀ ਤਿਆਰੀਆਂ ਵਧਾਉਣ ਅਤੇ ਰੱਖਿਆ ਨਾਲ ਸਬੰਧਿਤ ਅਨੇਕਾਂ ਮਾਮਲਿਆਂ 'ਚ ਅਨੁਭਵਾਂ ਦਾ ਆਦਾਨ-ਪ੍ਰਦਾਨ ਕਰਨ ਲਈ ਸਹਿਯੋਗ ਵਧਾਉਣ ਲਈ ਵਚਨਬੱਧ ਹਾਂ।'' ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਮਾਹਿਰਾਂ ਨੇ ਰੂਸ ਅਤੇ ਭਾਰਤ ਵਿਚਾਲੇ ਫੌਜੀ ਸਹਿਯੋਗ ਦੇ ਵਿਕਾਸ ਲਈ ਖਾਕਾ ਤਿਆਰ ਕੀਤਾ ਹੈ, ਜਿਹੜਾ ਦੋ-ਪੱਖੀ ਸੰਪਰਕਾਂ ਦੀ ਯੋਜਨਾ ਬਣਾਉਣ 'ਚ ਆਧਾਰਭੂਤ ਦਸਤਾਵੇਜ਼ ਹਨ। ਸਰਕਾਰੀ ਤਾਸ ਅਖਬਾਰ ਏਜੰਸੀ ਨੇ ਰੋਡਮੈਪ ਦਾ ਬਿਊਰਾ ਦਿੱਤੇ ਬਿਨ੍ਹਾਂ ਕਿਹਾ ਕਿ ਸੈਸ਼ਨ ਦੇ ਅੰਤ 'ਚ ਸ਼ੋਇਗੂ ਅਤੇ ਜੇਟਲੀ ਨੇ ਇਕ ਅਨੁਰੂਪ ਦਸਤਾਵੇਜ਼ 'ਤੇ ਹਸਤਾਖਰ ਕੀਤੇ। ਜੇਟਲੀ ਦੀ ਯਾਤਰਾ ਤੋਂ ਪਹਿਲਾਂ ਨਵੀਂ ਦਿੱਲੀ 'ਚ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਬੈਠਕ 'ਚ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤੀ ਦੀ ਸਾਂਝੇਦਾਰੀ ਦੀ ਰੂਪ-ਰੇਖਾ ਦੇ ਦਾਇਰੇ 'ਚ ਭਾਰਤ ਅਤੇ ਰੂਸ ਵਿਚਾਲੇ ਫੌਜੀ -ਤਕਨੀਕੀ ਸਹਿਯੋਗ ਦੇ ਮੁੱਦਿਆਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਬੈਠਕ ਨਾਲ ਕਰੀਬ 3 ਹਫਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਸੇਂਟ ਪੀਟਰਸਬਰਗ 'ਚ ਆਪਣੀ ਸਾਲਾਨਾ ਸੰਮੇਲਨ ਦੌਰਾਨ ਪ੍ਰਮੁੱਖ ਫੌਜੀ ਉਪਕਰਣ ਦੇ ਸੰਯੁਕਤ ਨਿਰਮਾਣ ਅਤੇ ਸਹਿ-ਉਤਪਾਦਨ ਦੇ ਜ਼ਰੀਏ ਰੱਖਿਆ ਸਬੰਧਾਂ ਨੂੰ ਉਨਤ ਬਣਾਉਣ ਅਤੇ ਤੇਜ਼ ਕਰਨ ਦਾ ਫੈਸਲਾ ਕੀਤਾ ਸੀ। ਵਿੱਤ ਮੰਤਰੀ ਜੇਟਲੀ ਰੂਸ ਦੇ 3 ਦਿਨਾਂ ਦੌਰੇ 'ਤੇ ਹਨ।