ਜਗਤਾਰ ਸਿੰਘ ਜੌਹਲ ਦਾ ਮਾਮਲਾ ਗੂੰਜਿਆ ਇੰਗਲੈਂਡ ਦੀ ਸੰਸਦ ''ਚ, ਵਿਦੇਸ਼ ਸਕੱਤਰ ਨੂੰ ਪੁੱਛੇ ਗਏ ਕਈ ਸਵਾਲ

11/17/2017 1:22:56 PM

ਲੰਡਨ,(ਏਜੰਸੀ)— ਮੋਗਾ ਪੁਲਸ ਵਲੋਂ ਜੰਡਿਆਲਾ ਮੰਜ਼ਕੀ ਦੇ ਰਹਿਣ ਵਾਲੇ ਐਨ.ਆਰ.ਆਈ. ਜਗਤਾਰ ਸਿੰਘ ਜੱਗੀ ਜੌਹਲ ਨੂੰ ਚੁੱਕੇ ਜਾਣ ਦਾ ਮਾਮਲਾ ਇੰਗਲੈਂਡ ਦੀ ਸੰਸਦ ਵਿੱਚ ਗੂੰਜ ਉੱਠਿਆ ਹੈ। ਉਥੋਂ ਦੀਆਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਵਿਦੇਸ਼ ਸਕੱਤਰ ਨੂੰ ਪੱਤਰ ਲਿਖ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਇਸ ਸੰਬੰਧੀ ਪੂਰੀ ਜਾਂਚ ਕੀਤੇ ਜਾਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ।
ਇੰਗਲੈਂਡ 'ਚ ਲੇਬਰ ਐੱਮ.ਪੀ. ਵਰਿੰਦਰ ਸ਼ਰਮਾ ਜੋ ਕਿ ਜਲੰਧਰ ਨਾਲ ਜੁੜੇ ਹੋਏ ਹਨ, ਨੇ ਵੀ ਬੁੱਧਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਵਿਦੇਸ਼ੀ ਸਕੱਤਰ ਨੂੰ ਅਪੀਲ ਕੀਤੀ ਹੈ । ਜੱਗੀ ਜੌਹਲ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਵੀਰਵਾਰ ਨੂੰ ਇੰਗਲੈਂਡ ਦੇ ਕਾਮਨਵੈਲਥ ਅਤੇ ਵਿਦੇਸ਼ ਸਕੱਤਰ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। 
ਜੱਗੀ ਜੌਹਲ ਦਾ ਮੁੱਦਾ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਉਠਾਉਂਦਿਆਂ ਉਸ ਦੇ ਹਲਕੇ ਪੱਛਮੀ ਡਨਬਾਰਟਨ ਸ਼ਾਇਰ ਦੇ ਐੱਮ.ਪੀ. ਮਾਰਟਿਨ ਡੋਖਰਟੀ ਹਿਊਜ ਨੇ ਮੰਗ ਕੀਤੀ ਕਿ ਵਿਦੇਸ਼ ਅਤੇ ਕਾਮਨਵੈਲਥ ਮਾਮਲਿਆਂ ਦੇ ਮੰਤਰੀ ਸੰਸਦ ਵਿੱਚ ਆ ਕੇ ਜੱਗੀ 'ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਸਬੰਧੀ ਬਿਆਨ ਦੇਣ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਹ ਦੱਸਣ ਕਿ ਜਦੋਂ ਜੱਗੀ ਜੌਹਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਕੀ ਉਸ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਸਹਾਇਤਾ ਦਿੱਤੀ ਗਈ ਸੀ? ਇੰਗਲੈਂਡ ਦੀ ਪਹਿਲੀ ਸਿੱਖ ਸੰਸਦ ਮੈਂਬਰ ਬਣੀ ਪ੍ਰੀਤੀ ਗਿੱਲ ਨੇ ਸਰਬ ਪਾਰਟੀ ਗੁਰਪ ਵੱਲੋਂ ਵਿਦੇਸ਼ ਸਕੱਤਰ ਨੂੰ ਲਿਖੇ ਸਾਂਝੇ ਪੱਤਰ ਵਿੱਚ ਇੰਗਲੈਂਡ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜਗਤਾਰ ਸਿੰਘ ਜੱਗੀ 'ਤੇ ਭਾਰਤ ਦੀਆਂ ਏਜੰਸੀਆਂ ਵੱਲੋਂ ਇਕ ਸਾਲ ਤੋਂ ਨਜ਼ਰਾਂ ਰੱਖਣ ਬਾਰੇ ਕੀ ਇਸ ਭਾਰਤ ਸਰਕਾਰ ਨੇ ਬ੍ਰਿਟੇਨ ਸਰਕਾਰ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਸੀ? ਪ੍ਰੀਤੀ ਗਿੱਲ ਨੇ ਕਿਹਾ ਕਿ ਭਾਰਤ ਅਤੇ ਇੰਗਲੈਂਡ ਵਿੱਚ ਸੂਹੀਆ ਗੱਲਾਂ ਨੂੰ ਸਾਂਝਿਆ ਕਰਨ ਦੀ ਸਹਿਮਤੀ ਹੈ ਕਿਉਂਕਿ ਦੋਵੇਂ ਦੇਸ਼ ਅੱਤਵਾਦ ਤੋਂ ਪੀੜਤ ਹਨ।
ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਜੱਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਘੱਟੋ-ਘੱਟ ਭਾਰਤ ਸਰਕਾਰ ਵੱਲੋਂ ਉਦੋਂ ਹੀ ਇਸ ਦੀ ਸੂਚਨਾ ਬਰਤਨਾਵੀ ਸਰਕਾਰ ਨੂੰ ਦੇਣੀ ਚਾਹੀਦੀ ਸੀ। ਇਨ੍ਹਾਂ ਐੱਮਪੀਜ਼ ਦੇ ਗਰੁੱਪ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਜੱਗੀ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਨਾ ਤਾਂ ਉਸ ਦੇ ਵਕੀਲ ਅਤੇ ਨਾ ਹੀ ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਮਿਲਣ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ, ਜੱਗੀ ਦੇ ਰਿਸ਼ਤੇਦਾਰਾਂ ਤੇ ਹੋਰਾਂ ਨੇ ਵਿਦੇਸ਼ ਸਕੱਤਰ ਅਤੇ ਕਾਮਨਵੈਲਥ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਜੱਗੀ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ।
ਉਨ੍ਹਾਂ ਪੰਜਾਬ ਪੁਲਸ ਵੱਲੋਂ ਕੀਤੇ ਗਏ ਅਣਮਨੁੱਖੀ ਵਤੀਰੇ ਦੀ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੱਗੀ ਦਾ ਵਿਆਹ 18 ਅਕਤੂਬਰ ਨੂੰ ਹੋਇਆ ਸੀ। ਮੋਗਾ ਪੁਲਸ ਤੇ ਹੋਰ ਏਜੰਸੀਆਂ ਨੇ 4 ਨਵੰਬਰ ਨੂੰ ਉਸ ਨੂੰ ਰਾਮਾ ਮੰਡੀ ਜਲੰਧਰ ਤੋਂ ਉਦੋਂ ਚੁਕ ਲਿਆ ਸੀ ਜਦੋਂ ਉਹ ਪਤਨੀ ਅਤੇ ਭੈਣ ਨਾਲ ਚੰਡੀਗੜ੍ਹ ਜਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਵਿਦੇਸ਼ਾਂ 'ਚ ਜੱਗੀ ਨਾਲ ਇਨਸਾਫ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ 'ਚ ਵੀ ਜੱਗੀ ਦਾ ਮਾਮਲਾ ਤੂਲ ਫੜ ਰਿਹਾ ਹੈ ਤੇ ਲੋਕ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਧਿਆਨ ਖਿੱਚ ਰਹੇ ਹਨ ਤਾਂ ਕਿ ਇਸ ਮਾਮਲੇ 'ਚ ਕੋਈ ਵਧੀਕੀ ਨਾ ਹੋਵੇ ਤੇ ਸੱਚ ਸਾਹਮਣੇ ਆ ਸਕੇ।