ਜੈਸਿੰਡਾ ਨੇ ਚੀਨ ਨਾਲ ਮਜ਼ਬੂਤ ਸਬੰਧ ਬਣਾਉਣ ਦਾ ਕੀਤਾ ਐਲਾਨ, ਭਾਰਤ-ਆਸਟ੍ਰੇਲੀਆ ਦੀ ਵਧੀ ਚਿੰਤਾ

04/22/2022 12:51:36 PM

ਵੈਲਿੰਗਟਨ (ਬਿਊਰੋ): ਇੰਡੋ-ਪੈਸੀਫਿਕ ਦੇ ਲਗਭਗ ਸਾਰੇ ਦੇਸ਼ ਚੀਨ ਦੇ ਹਮਲਾਵਰ ਅਤੇ ਵਿਸਥਾਰਵਾਦੀ ਰਵੱਈਏ ਤੋਂ ਪ੍ਰੇਸ਼ਾਨ ਹਨ। ਭਾਰਤ, ਜਾਪਾਨ, ਆਸਟ੍ਰੇਲੀਆ, ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਦੇ ਚੀਨ ਦੀ ਹਮਲਾਵਰ ਵਿਦੇਸ਼ ਨੀਤੀ ਕਾਰਨ ਉਸ ਨਾਲ ਚੰਗੇ ਸਬੰਧ ਨਹੀਂ ਹਨ। ਇਸ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਚੀਨ ਨਾਲ ਮਿਲ ਕੇ ਕੰਮ ਕਰਨ ਦਾ ਐਲਾਨ ਕਰਕੇ ਇਨ੍ਹਾਂ ਦੇਸ਼ਾਂ ਦੇ ਤਣਾਅ ਨੂੰ ਵਧਾ ਦਿੱਤਾ ਹੈ। ਅਰਡਰਨ ਦੇ ਇਸ ਫ਼ੈਸਲੇ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਸਟ੍ਰੇਲੀਆ ਦੀ ਵਧਣ ਵਾਲੀ ਹੈ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਚੀਨ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਬਹੁਤ ਖਰਾਬ ਦੌਰ 'ਚੋਂ ਲੰਘ ਰਹੇ ਹਨ। ਚੀਨ ਨੇ ਆਸਟ੍ਰੇਲੀਆ ਨਾਲ ਲਗਭਗ ਸਾਰੇ ਵਪਾਰਕ ਸਬੰਧ ਤੋੜ ਦਿੱਤੇ ਹਨ। ਇੰਨਾ ਹੀ ਨਹੀਂ ਚੀਨੀ ਫੌ਼ਜ ਨੇ ਆਸਟ੍ਰੇਲੀਆ ਨੂੰ ਘੇਰਨ ਲਈ ਸੋਲੋਮਨ ਟਾਪੂ ਨਾਲ ਮਿਲਟਰੀ ਸਮਝੌਤਾ ਵੀ ਕੀਤਾ ਹੈ। ਅਜਿਹੇ 'ਚ ਭਾਰਤ ਵੀ ਇੰਡੋ-ਪੈਸੀਫਿਕ 'ਚ ਚੀਨ ਦੇ ਵਧਦੇ ਪ੍ਰਭਾਵ ਤੋਂ ਅਛੂਤਾ ਨਹੀਂ ਰਹੇਗਾ।

ਜੈਸਿੰਡਾ ਨੇ ਕਹੀ ਇਹ ਗੱਲ
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਉਹ ਚੀਨ ਨਾਲ ਨਿਊਜ਼ੀਲੈਂਡ ਦੇ ਮਜ਼ਬੂਤ ਸਬੰਧਾਂ ਦੇ ਨਾਲ ਖੜ੍ਹੀ ਹੈ। ਹਾਲਾਂਕਿ ਉਨ੍ਹਾਂ ਨੇ ਸੋਲੋਮਨ ਟਾਪੂ ਦੇ ਨਾਲ ਚੀਨ ਦੇ ਸੁਰੱਖਿਆ ਸਮਝੌਤੇ 'ਤੇ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਦੋਂ ਸੋਲੋਮਨ ਦੀਪ ਸਮੂਹ ਵਿੱਚ ਦੰਗੇ ਹੋਏ ਤਾਂ ਉਥੋਂ ਦੀ ਸਰਕਾਰ ਦੇ ਇਸ਼ਾਰੇ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਖੁੱਲ੍ਹ ਕੇ ਮਦਦ ਕੀਤੀ ਸੀ। ਜੇਕਰ ਉਹਨਾਂ ਨੂੰ ਹੋਰ ਲੋੜ ਹੋਵੇ ਤਾਂ ਅਸੀਂ ਮਦਦ ਅਤੇ ਸਮਰਥਨ ਕਰਨ ਲਈ ਤਿਆਰ ਹਾਂ। 

ਨਿਊਜ਼ੀਲੈਂਡ ਨੇ ਚੀਨ ਵਿਰੋਧ ਫ਼ੌਜੀ ਸੰਗਠਨ 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ
ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਨਿਊਜ਼ੀਲੈਂਡ ਦੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਔਕਸ ਫ਼ੌਜੀ ਗਠਜੋੜ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਔਕਸ 'ਤੇ ਸਾਡਾ ਨਜ਼ਰੀਆ ਸਿਰਫ ਇਹ ਹੈ ਕਿ ਜਦੋਂ ਸਾਡਾ ਹੋਰ ਦੇਸ਼ਾਂ ਨਾਲ ਸਬੰਧ ਹੁੰਦਾ ਹੈ ਤਾਂ ਇਹ ਦੇਸ਼ ਲਈ ਫਾਇਦੇਮੰਦ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਅਮਰੀਕਾ ਨੂੰ ਸਾਡੇ ਖੇਤਰ ਦੇ ਆਰਥਿਕ ਢਾਂਚੇ ਵਿੱਚ ਦਿਲਚਸਪੀ ਲੈਣ ਲਈ ਕਿਹਾ ਹੈ। ਇਸ ਨੂੰ ਸਿਰਫ਼ ਰੱਖਿਆ ਅਤੇ ਸੁਰੱਖਿਆ ਪ੍ਰਬੰਧਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਇਹ ਸਮੁੱਚੇ ਖੇਤਰ ਦੀ ਭਲਾਈ ਬਾਰੇ ਹੋਣਾ ਚਾਹੀਦਾ ਹੈ ਅਤੇ ਅਸੀਂ ਇਸ ਮੋਰਚੇ 'ਤੇ ਅਮਰੀਕਾ ਦੀ ਪ੍ਰਤੀਕਿਰਿਆ ਨੂੰ ਵੀ ਦੇਖ ਰਹੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ- ਜਿਨਪਿੰਗ ਨੇ ਬਾਹਰੀ ਤਾਕਤਾਂ ਵਿਰੁੱਧ ਏਸ਼ੀਆਈ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ

ਚੀਨ ਨਾਲ ਨਿਊਜ਼ੀਲੈਂਡ ਦੀ ਪੁਰਾਣੀ ਦੋਸਤੀ
ਚੀਨ ਨਾਲ ਉਦਾਰਵਾਦੀ ਰੁਖ਼ ਨੂੰ ਬਣਾਈ ਰੱਖਣ ਲਈ ਨਿਊਜ਼ੀਲੈਂਡ ਕਈ ਵਾਰ ਆਲੋਚਨਾ ਦਾ ਸਾਹਮਣਾ ਕਰ ਚੁੱਕਾ ਹੈ। ਇਸ ਦੇ ਬਾਵਜੂਦ ਅਰਡਰਨ ਪ੍ਰਸ਼ਾਸਨ ਚੀਨ ਨਾਲ ਦੁਵੱਲੇ ਸਬੰਧਾਂ ਦੇ ਮੁੱਦੇ 'ਤੇ ਕਾਇਮ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਆਰਥਿਕ ਮਾਮਲਿਆਂ ਲਈ ਪੂਰੀ ਤਰ੍ਹਾਂ ਚੀਨ 'ਤੇ ਨਿਰਭਰ ਹੈ। ਪੀਐਮ ਅਰਡਰਨ ਨੇ ਖੁਦ ਕਿਹਾ ਕਿ ਚੀਨ ਸਾਡੇ ਲਈ ਬਹੁਤ ਮਹੱਤਵਪੂਰਨ ਵਪਾਰਕ ਭਾਈਵਾਲ ਹੈ। ਸਾਡਾ ਉਨ੍ਹਾਂ ਨਾਲ ਮਜ਼ਬੂਤ ਰਿਸ਼ਤਾ ਹੈ। ਬਹੁਤ ਸਾਰੇ ਖੇਤਰ ਹਨ ਜਿੱਥੇ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ। ਫਿਰ ਵੀ, ਬਹੁਤ ਸਾਰੇ ਖੇਤਰ ਹੋਣਗੇ ਜਿੱਥੇ ਸਾਡੇ ਵਿਚਾਰ ਸਪੱਸ਼ਟ ਤੌਰ 'ਤੇ ਇੱਕੋ ਜਿਹੇ ਨਹੀਂ ਹਨ।

ਨਿਊਜ਼ੀਲੈਂਡ ਅਤੇ ਚੀਨ ਦੀ ਦੋਸਤੀ ਦਾ ਭਾਰਤ 'ਤੇ ਅਸਰ
ਨਿਊਜ਼ੀਲੈਂਡ ਅਤੇ ਚੀਨ ਦੀ ਦੋਸਤੀ ਦਾ ਭਾਰਤ 'ਤੇ ਵੀ ਅਸਰ ਪੈਣ ਦੀ ਬਹੁਤ ਸੰਭਾਵਨਾ ਹੈ। ਨਿਊਜ਼ੀਲੈਂਡ ਪ੍ਰਸ਼ਾਂਤ ਮਹਾਸਾਗਰ ਦੇ ਇੱਕ ਬਹੁਤ ਮਹੱਤਵਪੂਰਨ ਖੇਤਰ ਵਿੱਚ ਸਥਿਤ ਹੈ। ਛੋਟਾ ਹੋਣ ਦੇ ਬਾਵਜੂਦ ਇਸ ਦੇਸ਼ ਵਿੱਚ ਵਪਾਰ ਦੀ ਬਹੁਤ ਸੰਭਾਵਨਾ ਹੈ। ਨਿਊਜ਼ੀਲੈਂਡ ਵਿੱਚ ਲਗਭਗ 175,000 ਭਾਰਤੀ ਰਹਿੰਦੇ ਹਨ। ਇਸ ਦੇ ਬਾਵਜੂਦ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਰੱਖਿਆ ਸਬੰਧਾਂ ਦੇ ਖੇਤਰ ਵਿੱਚ ਬਹੁਤ ਘੱਟ ਤਰੱਕੀ ਹੋਈ ਹੈ। ਨਿਊਜ਼ੀਲੈਂਡ 'ਚ ਚੀਨ ਦਾ ਦਬਦਬਾ ਪ੍ਰਸ਼ਾਂਤ ਮਹਾਸਾਗਰ 'ਚੋਂ ਲੰਘਣ ਵਾਲੇ ਮਹੱਤਵਪੂਰਨ ਸਮੁੰਦਰੀ ਵਪਾਰ ਮਾਰਗ 'ਤੇ ਭਾਰਤ ਲਈ ਖਤਰਾ ਵਧਾ ਦੇਵੇਗਾ। ਇੰਨਾ ਹੀ ਨਹੀਂ ਭਵਿੱਖ 'ਚ ਧਰਤੀ ਦੇ ਸਭ ਤੋਂ ਦੱਖਣੀ ਮਹਾਦੀਪ ਅੰਟਾਰਕਟਿਕਾ 'ਚ ਭਾਰਤੀ ਮਿਸ਼ਨ ਨੂੰ ਲੈ ਕੇ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਅਜਿਹੇ 'ਚ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਲਈ ਨਿਊਜ਼ੀਲੈਂਡ ਨੂੰ ਆਪਣੀ ਕਚਹਿਰੀ 'ਚ ਲਿਆਉਣਾ ਮੁਸ਼ਕਿਲ ਚੁਣੌਤੀ ਬਣ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana