ਇਵਾਂਕਾ ਕਰੇਗੀ ਭਾਰਤ ਜਾਣ ਵਾਲੇ ਅਮਰੀਕੀ ਦਲ ਦੀ ਅਗਵਾਈ: ਅਮਰੀਕਾ

11/18/2017 10:19:01 AM

ਵਾਸ਼ਿੰਗਟਨ(ਬਿਊਰੋ)— ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਬਿਜਨੈਸ ਸੰਮੇਲਨ ਲਈ ਭਾਰਤ ਜਾਣ ਵਾਲੇ ਅਮਰੀਕੀ ਦਲ ਦੀ ਅਗਵਾਈ ਕਰੇਗੀ। ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਦੀ ਰਸਮੀ ਘੋਸ਼ਣਾ ਕੀਤੀ। ਹੈਦਰਾਬਾਦ ਵਿਚ 28 ਤੋਂ 30 ਨਵੰਬਰ ਤੱਕ ਆਯੋਜਿਤ ਹੋਣ ਵਾਲੇ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ (ਜੀ. ਈ. ਐਸ) ਵਿਚ 170 ਦੇਸ਼ਾਂ ਦੇ 1,500 ਉਦਯੋਗਪਤੀ ਹਿੱਸਾ ਲੈਣਗੇ। ਭਾਰਤ ਅਤੇ ਅਮਰੀਕਾ ਮਿਲ ਕੇ ਸੰਮੇਲਨ ਦੀ ਮੇਜ਼ਬਾਨੀ ਕਰਨਗੇ।
3 ਦਿਨੀਂ ਇਸ ਸੰਮੇਲਨ ਵਿਚ ਵੱਖ-ਵੱਖ ਦੇਸ਼ਾਂ ਤੋਂ ਆਏ ਉਦਯੋਗਪਤੀ ਵਿਚਾਰਾਂ ਦਾ ਆਦਾਨ-ਪ੍ਰਧਾਨ ਕਰਨਗੇ। ਇਸ ਤੋਂ ਇਲਾਵਾ ਸਫਲ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੇ ਅਨੁਭਵ ਨੂੰ ਸਾਂਝਾ ਕਰਨ ਲਈ ਕਾਰਜਸ਼ਾਲਾਵਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ। ਇਸ ਦਾ ਮੁੱਖ ਮੁੱਦਾ ਬਿਜਨੈਸ ਸ਼ੁਰੂ ਕਰਨ ਅਤੇ ਉਸ ਨੂੰ ਅੱਗੇ ਵਧਾਉਣ ਨਾਲ ਜੁੜਿਆ ਹੋਵੇਗਾ। ਜੀ. ਈ. ਐਸ-2017 ਵਿਚ ਦਿੱਗਜ ਅਮਰੀਕੀ ਕੰਪਨੀਆਂ ਜਿਵੇਂ ਅਮੇਜ਼ਾਨ, ਐਮ.ਵੇ., ਸੀ. ਐਨ. ਬੀ. ਸੀ., ਕੋਗਨੀਜੈਂਟ, ਡੇਲ, ਗੂਗਲ, ਈਂਟੇਲ, ਕੋਫਮੈਨ ਫਾਊਂਡੇਸ਼ਨ, ਸੇਲਸਫੋਰਸ, ਸਿਲੀਕਨ ਵੈਲੀ ਬੈਂਕ ਅਤੇ ਵਾਲਮਾਰਟ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਸੰਮੇਲਨ ਜ਼ਰੀਏ ਭਾਰਤ ਨਿਵੇਸ਼ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਦੌਰਾਨ ਭਾਰਤ ਵਿਚ ਉਭਰਦੇ ਖੇਤਰਾਂ ਦੇ ਬਾਰੇ ਵਿਚ ਵੀ ਉਦਯੋਗਪਤੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।