'ਇਟਲੀ ਦੀ ਨਿਵਾਸ ਆਗਿਆ ਖਤਮ ਹੋਏ ਭਾਰਤੀ 'ਦਿੱਲੀ ਇਟਾਲੀਅਨ ਅੰਬੈਸੀ' ਨਾਲ ਸੰਪਰਕ ਕਰਨ'

03/31/2020 2:52:33 PM

ਰੋਮ (ਕੈਂਥ): ਇਟਲੀ ਸਰਕਾਰ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਦੀ ਮਾਰ ਦੇ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਝੱਲ ਰਹੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਦੇਸ਼ ਦੇ ਤਮਾਮ ਨਾਗਰਿਕਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾ ਰਹੀ ਹੈ। ਸਰਕਾਰ ਸਮੁੱਚੇ ਦੇਸ਼ ਵਾਸੀਆਂ ਨੂੰ ਜਿੱਥੇ ਆਰਥਿਕ ਸਹਾਇਤਾ ਦੇਣ ਲਈ ਬਚਨਬੱਧ ਹੈ ਉੱਥੇ ਹੀ ਉਹਨਾਂ ਤਮਾਮ ਵਿਦੇਸ਼ੀਆਂ ਲਈ ਪੂਰੀ ਤਰ੍ਹਾਂ ਸੰਜੀਦਾ ਹੈ ਜਿਹੜੇ ਕਿ ਹਰ ਰੋਜ਼ ਕਮਾਕੇ ਹੀ ਖਾਂਦੇ ਹਨ।ਸਰਕਾਰ ਵੱਲੋਂ 31 ਜਨਵਰੀ 2020 ਅਤੇ 15 ਅਪ੍ਰੈਲ 2020 ਦਰਮਿਆਨ ਦੀ ਮਿਆਦ ਖਤਮ ਹੋਣ ਵਾਲੇ ਸਾਰੇ ਪੇਪਰ ਜਿਵੇਂ ਨਿਵਾਸ ਆਗਿਆ, ਪ੍ਰਮਾਣ ਪੱਤਰ ਤੇ ਮਨਜੂਰੀਆਂ ਦੀ ਮਿਆਦ ਆਦਿ 15 ਜੂਨ 2020 ਤੱਕ ਵਧਾ ਦਿੱਤੀ ਹੈ।

ਸਰਕਾਰੀ ਹੁਕਮਾਂ ਅਨੁਸਾਰ ਹੁਣ ਇਹ ਕਾਮੇ ਆਪਣੀ ਨਿਵਾਸ ਆਗਿਆ ਬਿਨਾਂ ਕਿਸੇ ਪ੍ਰੇਸ਼ਾਨੀ 15 ਜੂਨ ਤੱਕ ਵਧਾਉਣ ਲਈ ਜਮ੍ਹਾਂ ਕਰਵਾ ਸਕਦੇ ਹਨ ।ਸਰਕਾਰ ਨੇ ਇਟਲੀ ਤੋਂ ਬਾਹਰ ਜਿਹੜੇ ਵਿਦੇਸ਼ੀ ਕਾਮੇ ਆਪਣੇ ਦੇਸ਼ ਗਏ ਹਨ ਤੇ ਜਿਹਨਾਂ ਦੀ ਨਿਵਾਸ ਆਗਿਆ ਇਟਲੀ ਆਉਣ ਤੋਂ ਪਹਿਲਾਂ ਹੀ ਖਤਮ ਹੋ ਰਹੀ ਉਹਨਾਂ ਲਈ ਵੀ ਫੈਸਲਾ ਕੀਤਾ ਹੈ।ਇਸ ਸਮੇਂ ਹਜ਼ਾਰਾਂ ਭਾਰਤੀ ਕਾਮੇ ਜਿਹੜੇ ਕਿ ਜਨਵਰੀ-ਫਰਵਰੀ ਮਹੀਨਿਆਂ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਗਏ ਹੋਏ ਹਨ ਤੇ ਇਹ ਉੱਥੇ ਜਾਕੇ ਕੋਰੋਨਾਵਾਇਰਸ ਕਾਰਨ ਹੋਏ 14 ਅਪ੍ਰੈਲ ਤੱਕ ਹੋਏ ਲਾਕਡਾਊਨ ਦੇ ਚੱਲਦਿਆਂ ਤੇ ਏਅਰਲਾਈਨਾਂ ਬੰਦ ਹੋਣ ਕਾਰਨ ਭਾਰਤ ਵਿੱਚ ਹੀ ਘਰਾਂ ਵਿੱਚ ਬੈਠੇ ਆਪਣੇ ਪਰਿਵਾਰ ਦੇ ਭੱਵਿਖ ਪ੍ਰਤੀ ਚਿੰਤਾਵਾਂ ਵਿੱਚ ਘਿਰੇ ਤਿਲ-ਤਿਲ ਤੜਫ਼ ਰਹੇ ਹਨ ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਕਹਿਰ ਦੇ 'ਚ ਅਮਰੀਕਾ 'ਚ H-1B ਵਰਕਰਾਂ ਨੇ ਕੀਤੀ ਇਹ ਅਪੀਲ

ਇਟਲੀ ਤੋਂ ਬਾਹਰ ਗਏ ਤਮਾਮ ਪ੍ਰਵਾਸੀ ਕਾਮਿਆਂ ਲਈ ਮੁਸੀਬਤ ਬਣ ਰਹੀ ਇਸ ਪੇਚੀਦਾ ਸਮੱਸਿਆ ਸੰਬਧੀ ਇਟਾਲੀਅਨ ਪ੍ਰੈੱਸ ਕੱਲਬ ਇਟਲੀ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਇਟਲੀ ਤੇ ਭਾਰਤ ਵਿੱਚ ਇਮੀਗ੍ਰੇਸ਼ਨ ਤੇ ਹੋਰ ਇਟਲੀ ਦੇ ਪੇਪਰਾਂ ਨਾਲ ਸੰਬਧੀ ਸੇਵਾਵਾਂ ਦੇ ਰਹੇ ਸੰਜੀਵ ਲਾਂਬਾ (ਪੰਜਾਬ ਸਰਵਿਸ) ਨਾਲ ਰਾਬਤਾ ਕੀਤਾ ਤਾਂ ਉਹਨਾਂ ਕਿਹਾ,''ਇਸ ਸਮੇਂ ਜਿਹੜੇ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਰਤ ਆਏ ਹੋਏ ਹਨ ਤੇ ਉਹ ਕੋਰੋਨਾਵਾਇਰਸ ਸੰਕਟ ਕਾਰਨ ਸਮੇਂ ਸਿਰ ਇਟਲੀ ਨਹੀਂ ਜਾ ਸਕੇ ਜਿਸ ਦੇ ਕਾਰਨ ਉਹਨਾਂ ਦੀ ਇਟਲੀ ਦੀ ਨਿਵਾਸ ਆਗਿਆ ਦੀ ਮਿਆਦ ਲੰਘ ਗਈ ਹੈ। ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਕਿਉਂਕਿ ਇਸ ਸੰਬਧੀ ਪਹਿਲਾਂ ਵੀ ਕਈ ਪੰਜਾਬੀ ਭਰਾਵਾਂ ਨੇ ਫੋਨ ਕਰਕੇ ਇਹਨਾਂ ਸਮੱਸਿਆਵਾ ਜਾ ਜ਼ਿਕਰ ਕੀਤਾ ਸੀ।''

ਇਟਲੀ ਵਿੱਚ ਹੱਢ ਭੰਨਵੀਂ ਮਿਹਨਤ ਮੁਸ਼ਕਤ ਕਰਨ ਵਾਲਿਆਂ ਨੂੰ ਪੇਸ਼ ਆ ਰਹੀ ਇਸ ਪ੍ਰੇਸ਼ਾਨੀ ਦੇ ਮੱਦੇ ਨਜ਼ਰ ਹੀ ਉਹਨਾਂ ਦਿੱਲੀ ਸਥਿਤ ਇਟਾਲੀਅਨ ਅੰਬੈਂਸੀ ਨੂੰ ਇੱਕ ਈਮੇਲ ਰਾਹੀਂ ਸਾਰੇ ਮਸਲੇ ਤੋਂ ਜਾਣੂ ਕਰਵਾਇਆ ਸੀ।ਇਟਾਲੀਅਨ ਅੰਬੈਂਸੀ ਦਿੱਲੀ ਨੇ ਬੀਤੇ ਦਿਨ ਉਹਨਾਂ ਨੂੰ ਇਸ ਸਮੱਸਿਆ ਸੰਬੰਧੀ ਇੱਕ ਵਾਪਸੀ ਈਮੇਲ ਕੀਤੀ ਹੈ ਜਿਸ ਵਿੱਚ ਉਹਨਾਂ 15 ਅਪ੍ਰੈੱਲ ਤੋਂ ਬਾਅਦ ਭਾਰਤ ਆਏ ਉਹਨਾਂ ਤਮਾਮ ਭਾਰਤੀਆਂ ਨੂੰ ਇਟਾਲੀਅਨ ਅੰਬੈਂਸੀ ਦਿੱਲੀ ਨਾਲ ਸੰਪਰਕ ਕਰਨ ਲਈ ਕਿਹਾ ਹੈ ਜਿਹਨਾਂ ਦੀ ਕਿ ਕੋਰੋਨਾਵਾਇਰਸ ਸੰਕਟ ਵਿੱਚ ਨਿਵਾਸ ਆਗਿਆ ਭਾਰਤ ਵਿੱਚ ਹੀ ਖਤਮ ਹੋ ਗਈ।ਇਹਨਾਂ ਦਿਨਾਂ ਵਿੱਚ ਇਟਾਲੀਅਨ ਅੰਬੈਂਸੀ ਬੰਦ ਹੈ।ਅੰਬੈਂਸੀ ਵੱਲੋਂ ਨਿਵਾਸ ਆਗਿਆ ਲੰਘੀ ਵਾਲੇ ਭਾਰਤੀਆਂ ਨੂੰ ਇਟਲੀ ਵਿੱਚ ਜਾਣ ਲਈ ਜ਼ਰੂਰ ਕੋਈ ਸਾਰਥਿਕ ਹੱਲ ਦੱਸਿਆ ਜਾਵੇਗਾ। ਸ਼੍ਰੀ ਲਾਂਬਾ ਨੇ ਭਾਰਤ ਗਏ ਮਿਆਦ ਲੰਘੀ ਵਾਲੇ ਸਭ ਭਾਰਤੀਆਂ ਨੂੰ ਇਟਾਲੀਅਨ ਅੰਬੈਂਸੀ ਦਿੱਲੀ ਵੱਲੋਂ ਦਿੱਤੀ ਜਾਣਕਾਰੀ ਵੱਲ ਧਿਆਨ ਦੇਣ ਦੀ ਗੱਲ ਕਹੀ ਹੈ।ਜਿਸ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਹ ਬਿਨ੍ਹਾਂ ਝਿੱਜਕ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਨਾਲ ਹੀ ਉਹਨਾਂ ਅਫ਼ਵਾਹਾਂ ਤੋਂ ਵੀ ਬਚਣ ਜਿਹੜੀਆਂ ਅਜਿਹੇ ਕੇਸਾਂ ਵਿੱਚ ਗੁੰਮਰਾਹ ਕਰਦੀਆਂ ਹਨ।
 

Vandana

This news is Content Editor Vandana