ਧਾਰਮਿਕ ਰਿਸ਼ਤਿਆਂ ਦਾ ਨਵਾਂ ਅਧਿਆਏ ਹੋਵੇਗੀ ਯੂ.ਏ.ਈ. ਯਾਤਰਾ : ਪੋਪ ਫ੍ਰਾਂਸਿਸ

01/31/2019 1:20:26 PM

ਵੈਟੀਕਨ ਸਿਟੀ (ਭਾਸ਼ਾ)— ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਐਤਵਾਰ ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਆਪਣੀ ਯਾਤਰਾ ਨਾਲ ਉਹ ਧਰਮਾਂ ਵਿਚ ਰਿਸ਼ਤਿਆਂ ਦੇ ਇਤਿਹਾਸ ਦਾ ਨਵਾਂ ਅਧਿਆਏ ਲਿਖਣ ਲਈ ਉਤਸ਼ਾਹਿਤ ਹਨ। ਪੋਪ ਨੇ ਵੀਰਵਾਰ ਨੂੰ ਅਮੀਰਾਤ ਦੇ ਲੋਕਾਂ ਨੂੰ ਜਾਰੀ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਕਿਹਾ,''ਮੈਂ ਤੁਹਾਡੀ ਧਰਤੀ 'ਤੇ ਧਰਮਾਂ ਵਿਚਕਾਰ ਰਿਸ਼ਤਿਆਂ ਵਿਚ ਨਵਾਂ ਅਧਿਆਏ ਲਿਖਣ ਲਈ ਖੁਸ਼ ਹਾਂ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵੱਖ-ਵੱਖ ਹੋਣ ਦੇ ਬਾਵਜੂਦ ਅਸੀਂ ਭਰਾ-ਭਰਾ ਹਾਂ।'' 

ਇਟਾਲੀਅਨ ਭਾਸ਼ਾ ਵਿਚ ਲਿਖੇ ਸੰਦੇਸ਼ ਵਿਚ ਪੋਪ ਨੇ 3 ਤੋਂ 5 ਫਰਵਰੀ ਤੱਕ 'ਮਨੁੱਖੀ ਭਾਈਚਾਰੇ' 'ਤੇ ਅੰਤਰ ਧਾਰਮਿਕ ਬੈਠਕ ਵਿਚ ਹਿੱਸਾ ਲੈਣ ਲਈ ਸੱਦਾ ਦੇਣ ਲਈ ਆਬੂ ਧਾਬੀ ਦੇ ਯੁਵਰਾਜ ਸ਼ੇਖ ਮੁਹੰਮਦ ਬਿਨ ਜਾਯੇਦ ਅਲ-ਨਾਹੀਆਨ ਦਾ ਧੰਨਵਾਦ ਕੀਤਾ। ਇਸ ਸੰਦੇਸ਼ ਦਾ ਅਨੁਵਾਦ ਅਰਬੀ ਭਾਸ਼ਾ ਵਿਚ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਨਾਲ ਉਨ੍ਹਾਂ ਨੂੰ ਮਿਸਰ ਦੇ ਉੱਚ ਸੁੰਨੀ ਮੁਸਲਿਮ ਅਥਾਰਿਟੀ ਦੇ ਮੁਖੀ ਆਪਣੇ ਦੋਸਤ ਅਤੇ ਪਿਆਰੇ ਭਰਾ ਸ਼ੇਖ ਅਹਿਮਦ ਅਲ-ਤਾਏਬ ਨਾਲ ਮੁੜ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ। ਉਹ ਉਨ੍ਹਾਂ ਨਾਲ ਸਾਲ 2017 ਵਿਚ ਇਕ ਯਾਤਰਾ ਦੌਰਾਨ ਮਿਲੇ ਸਨ। 

ਪੋਪ ਨੇ ਕਿਹਾ ਕਿ ਈਸਾਈ ਧਰਮ ਅਤੇ ਇਸਲਾਮ ਵਿਚ ਵੱਧਦੇ ਸੰਬੰਧ ਉਨ੍ਹਾਂ ਦੇ ਅਹੁਦੇ ਦੀ ਨੀਂਹ ਹੈ। ਪੋਪ ਨੇ ਕਿਹਾ,''ਉਨ੍ਹਾਂ ਦਾ ਮੰਨਣਾ ਹੈ ਕਿ ਅੰਤਰ ਧਾਰਮਿਕ ਬੈਠਕਾਂ ਇਹ ਦਰਸਾਉਂਦੀਆਂ ਹਨ ਕਿ ਬਹਾਦੁਰੀ ਅਤੇ ਇਹ ਭਰੋਸਾ ਬਣਾਈ ਰੱਖਣਾ ਕਿ ਈਸ਼ਵਰ ਤੋੜਦਾ ਨਹੀਂ ਜੋੜਦਾ ਹੈ ਇਸ ਨਾਲ ਮਤਭੇਦਾਂ ਦੇ ਬਜਾਏ ਇਕਜੁੱਟਤਾ ਕਾਇਮ ਹੁੰਦੀ ਹੈ ਅਤੇ ਇਹ ਨਫਰਤ ਅਤੇ ਵਿਰੋਧ ਨੂੰ ਦੂਰ ਰੱਖਦਾ ਹੈ।'' ਕੈਥੋਲਿਕ ਸਮਾਚਾਰ ਏਜੰਸੀ ਮੁਤਾਬਕ ਸੰਯੁਕਤ ਅਰਬ ਅਮੀਰਾਤ ਦੀ ਕਰੀਬ 80 ਫੀਸਦੀ ਆਬਾਦੀ ਮੁਸਲਿਮ ਹੈ ਜਦਕਿ ਈਸਾਈਆਂ ਦੀ ਆਬਾਦੀ 9 ਫੀਸਦੀ ਹੈ। ਕਈ ਕੈਥੋਲਿਕ ਕਰਮਚਾਰੀ ਅਫਰੀਕਾ, ਬੰਗਲਾਦੇਸ਼, ਭਾਰਤ, ਪਾਕਿਸਤਾਨ ਅਤੇ ਫਿਲੀਪੀਨ ਦੇ ਹਨ ਜਦਕਿ ਕੁਝ ਸਥਾਨਕ ਹਨ।

Vandana

This news is Content Editor Vandana