ਇਟਲੀ ਦੇ 8 ਸ਼ਹਿਰਾਂ 'ਚ ਗਰਮੀ ਕਰ ਸਕਦੀ ਹੈ ਲੋਕਾਂ ਨੂੰ ਪਰੇਸ਼ਾਨ

07/14/2018 5:57:40 PM

ਰੋਮ, (ਕੈਂਥ)—ਇਟਲੀ ਦੇ ਸਿਹਤ ਵਿਭਾਗ ਨੇ ਦੇਸ਼ ਦੇ 8 ਸ਼ਹਿਰਾਂ ਦੇ ਲੋਕਾਂ ਨੂੰ ਇਸ ਹਫਤੇ ਦੇ ਆਖਰੀ ਦਿਨਾਂ 'ਚ ਗਰਮੀ ਦੇ ਕਹਿਰ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਸ ਹਫਤੇ ਗਰਮੀ ਵਿਚ ਦਿਨ ਦਾ ਤਾਪਮਾਨ 31 ਤੋਂ 36 ਡਿਗਰੀ ਤਕ ਜਾਣ ਦਾ ਅੰਦਾਜਾ ਹੈ। ਜਿਹੜੇ 8 ਸ਼ਹਿਰਾਂ 'ਚ ਗਰਮੀ ਨੇ ਲੋਕਾਂ ਦੀ ਜੀਭ ਬਾਹਰ ਕੱਢਵਾ ਰਹੀ ਹੈ, ਉਨ੍ਹਾਂ ਵਿਚ ਰੋਮ, ਫਰੋਸੀਨੋਨਾ, ਪਲੇਰਮੋ, ਪੇਰੂਜੀਆ, ਕਲਿਆਰੀ, ਕੰਪੋਬਾਸੋ, ਫੀਰੈਂਸੇ ਅਤੇ ਲਾਤੀਨਾ ਮੁੱਖ ਹਨ। ਸਿਹਤ ਵਿਭਾਗ ਨੇ ਇਨ੍ਹਾਂ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੰਦਿਆਂ ਪਾਣੀ ਜ਼ਿਆਦਾ ਪੀਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੇ ਸਮੇਂ ਦੌਰਾਨ ਗਰਮੀ ਦੇ ਕਾਰਨ ਇਟਲੀ ਵਿਚ ਕਈ ਮੌਤਾਂ ਵੀ ਹੋ ਚੁੱਕੀਆਂ ਹਨ।
ਉਂਝ ਤਾਂ ਗਰਮੀ ਨੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੇ ਲੋਕਾਂ ਦੀ ਜੀਭ ਬਾਹਰ ਕੱਢਵਾ ਰੱਖੀ ਹੈ ਪਰ ਯੂਰਪੀਅਨ ਲੋਕ ਕੁਝ ਜ਼ਿਆਦਾ ਹੀ ਨਾਜ਼ੁਕ ਹੋਣ ਕਾਰਨ ਛੇਤੀ ਹੀ ਗਰਮੀ ਨਾਲ ਹਾਲੋਂ-ਬੇਹਾਲ ਹੋ ਜਾਂਦੇ ਹਨ। ਤੱਪਦੀ ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕ 3-4 ਮਹੀਨੇ ਸਮੁੰਦਰ ਦੀ ਗੋਦ ਵਿਚ ਰਹਿਣਾ ਹੀ ਭਲਾਈ ਸਮਝਦੇ ਹਨ। ਇਸ ਵਾਰ ਵੀ ਗਰਮੀ ਨੇ ਯੂਰਪੀਅਨ ਲੋਕਾਂ ਖਾਸ ਕਰ ਕੇ ਇਟਾਲੀਅਨ ਲੋਕਾਂ ਨੂੰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਚਣ ਲਈ ਇਹ ਵਿਚਾਰੇ ਕਈ ਤਰ੍ਹਾਂ ਦੇ ਪਾਪੜ ਬੇਲ ਰਹੇ ਹਨ।