ਇਟਲੀ ''ਚ ਸਕੂਲੀ ਬੱਚੇ ਸਿੱਖੀ ਪਹਿਰਾਵੇ ਤੋਂ ਹੋਏ ਪ੍ਰਭਾਵਿਤ, ਸਿੱਖ ਧਰਮ ਬਾਰੇ ਲਈ ਜਾਣਕਾਰੀ

03/17/2018 4:24:38 PM

ਰੋਮ,(ਵਿੱਕੀ ਬਟਾਲਾ)— ਸਿੱਖ ਧਰਮ ਦੀ ਵਿਸ਼ੇਸ਼ ਮਹੱਤਤਾ ਹੈ। ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਸਿੱਖੀ ਦਾ ਸਮੇਂ-ਸਮੇਂ ਸਿਰ ਪ੍ਰਚਾਰ ਕਰਦੇ ਹਨ ਅਤੇ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕਰਦੇ ਹਨ। ਸਿੱਖ ਧਰਮ ਦੀ ਪਹਿਚਾਣ ਪਹਿਰਾਵੇ ਤੋਂ ਹੁੰਦੀ ਹੈ ਅਤੇ ਸਿੰਘਾਂ ਦੇ ਪਹਿਰਾਵੇ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਸਿੱਖ ਧਰਮ ਦੇ ਪਹਿਰਾਵੇ ਤੋਂ ਪ੍ਰਭਾਵਿਤ ਹੋ ਕੇ ਇਟਾਲੀਅਨ ਬੱਚਿਆਂ ਨੇ ਇਟਲੀ ਦੇ ਸ਼ਹਿਰ ਵਿਚੈਂਸਾ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ (ਲੋਨੀਗੋ) ਵਿਖੇ ਹਾਜ਼ਰੀ ਭਰ ਕੇ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨਿਮਰਤਾ ਸਹਿਤ ਜਾਣਕਾਰੀ ਹਾਸਿਲ ਕੀਤੀ। ਕਮਿਉਨੇ ਲੋਨੀਗੋ ਦੇ ਸਕੂਲੀ ਬੱਚਿਆਂ ਨੇ ਹਲਕੇ ਦੇ ਇਟਾਲੀਅਨ ਅਧਿਕਾਰੀਆਂ ਦੀ ਇਜਾਜ਼ਤ ਨਾਲ ਸਕੂਲ ਦੇ ਅਧਿਆਪਕਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਪੁੱਜੇ।


ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਵਲੋਂ ਜੀ ਆਇਆ ਕਿਹਾ ਗਿਆ। ਬੱਚਿਆਂ ਅਤੇ ਅਧਿਆਪਕਾਂ ਨੂੰ ਸਾਹਿਬ ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਗਏ ਅਤੇ ਗੁਰਬਾਣੀ ਦੇ ਇਟਾਲੀਅਨ ਭਾਸ਼ਾ ਵਿਚ ਅਰਥ ਦੱਸੇ ਗਏ, ਜਿਸ ਤੋਂ ਹਾਜ਼ਰ ਬੱਚੇ ਤੇ ਅਧਿਆਪਕ ਸਿੱਖ ਧਰਮ ਸੰਬੰਧੀ ਬਹੁਤ ਪ੍ਰਭਾਵਿਤ ਹੋਏ। 


ਇਸ ਦੌਰਾਨ ਆਏ ਇਟਾਲੀਅਨ ਬੱਚੇ ਅਤੇ ਅਧਿਆਪਕ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਚ ਚਲ ਰਹੇ ਗੁਰੂ ਕੇ ਲੰਗਰ ਤੋਂ ਹੈਰਾਨ ਹੋਏ ਕਿ ਸਿੱਖ ਧਰਮ ਵਿਚ ਇਹ ਖਾਣਾ ਫ੍ਰੀ ਸੇਵਾ ਵਿਚ ਦਿੱਤਾ ਜਾਂਦਾ ਹੈ। ਇਸ ਸੰਬੰਧੀ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਬਾਰੇ ਜਾਣਕਾਰੀ  ਦਿੱਤੀ ਗਈ, ਜਿਸ ਤੋਂ ਇਟਾਲੀਅਨ ਬੱਚੇ ਤੇ ਅਧਿਆਪਕ ਬਹੁਤ ਜ਼ਿਆਦਾ ਪ੍ਰਭਾਵਿਤ ਦਿਖਾਈ ਦਿੱਤੇ। ਇਸ ਮੌਕੇ ਗੁਰਦੁਆਰਾ ਸਮੂਹ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਗੁਰੂ ਕੇ ਲੰਗਰ ਛਕਾਏ ਗਏ।