ਜੂਸੇਪੇ ਕੌਂਤੇ ਅਸਤੀਫਾ ਦੇਣ ਤੋਂ ਬਾਅਦ ਮੁੜ ਬਣੇ ਇਟਲੀ ਦੇ ਪ੍ਰਧਾਨ ਮੰਤਰੀ

09/05/2019 12:51:06 PM

ਮਿਲਾਨ /ਇਟਲੀ (ਸਾਬੀ ਚੀਨੀਆ)— ਇਟਲੀ ਵਿਚ ਇਕ ਵਾਰ ਫਿਰ ਸਰਵਸੰਮਤੀ ਦੇ ਨਾਲ ਨਵੀਂ ਸਰਕਾਰ ਚੁਣ ਲਈ ਗਈ ਹੈ।ਦੱਸਣਯੋਗ ਹੈ ਕਿ ਲੱਗਭਗ 10 ਦਿਨ ਪਹਿਲਾਂ ਪ੍ਰਧਾਨ ਮੰਤਰੀ ਜੂਸੇਪੇ ਕੌਂਤੇ ਨੇ ਆਪਣੀ ਸਾਂਝੀਵਾਲ ਪਾਰਟੀ ਲੇਗਾ ਨਾਰਦ ਦੇ ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਲਾਕੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਪ੍ਰੰਤੂ ਬੀਤੇ ਦਿਨ ਫਾਈਵ ਸਟਾਰ ਮੂਵਮੈਂਟਸ, ਪੀ ਡੀ ਅਤੇ ਲੀਏ ਪਾਰਟੀਆਂ ਨੇ ਆਪਸੀ ਗੱਠਜੋੜ ਬਣਾ ਕੇ ਬਹੁਮਤ ਦੇ ਨਾਲ ਇਕ ਵਾਰ ਫਿਰ ਇਟਲੀ ਵਿਚ ਸਰਕਾਰ ਦਾ ਗਠਨ ਕੀਤਾ ਹੈ ਜਿਸ ਨੂੰ ਕਿ ਇਟਲੀ ਦੇ ਰਾਸ਼ਟਰਪਤੀ ਸੇਰਜੋ ਮਾਤੇਰੇਲਾ ਦੁਆਰਾ ਵੀ ਪ੍ਰਵਾਨਗੀ ਮਿਲ ਗਈ ਹੈ।

ਨਵੇ ਮੰਤਰੀ ਮੰਡਲ ਵਿੱਚ ਔਰਤਾਂ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ।ਫਾਈਵ ਸਟਾਰ ਮੂਵਮੈਂਟਸ ਦੇ ਆਗੂ ਲੁਜੀ ਦੀ ਮਾਇਓ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਇਸ ਆਹੁਦੇ ਤੇ ਲੇਗਾ ਨੌਰਦ ਦੇ ਸਲਵੀਨੀ ਕਾਰਜ ਕਰਦੇ ਸਨ ਪ੍ਰੰਤੂ ਉਨਾਂ ਦੀਆਂ ਨੀਤੀਆਂ ਹਮੇਸ਼ਾ ਹੀ ਅਸਫਲ ਸਾਬਤ ਹੋਈਆਂ ਹਨ ਅਤੇ ਉਨਾਂ ਦੀ ਕਾਰਜਸ਼ੈਲੀ ਦੀ ਅਕਸਰ ਤਿੱਖੀ ਆਲੋਚਨਾ ਹੁੰਦੀ ਰਹੀ ਹੈ।ਇਸੇ ਪ੍ਰਕਾਰ ਪਹਿਲੀ ਸਰਕਾਰ ਸਿਰਫ 1 ਸਾਲ 6 ਮਹੀਨੇ ਹੀ ਕੱਢ ਸਕੀ ਸੀ ।

ਇਹ ਵੀ ਵਰਨਣਯੋਗ ਹੈ ਕਿ ਕੁੱਝ ਅਰਸਿਆਂ ਤੋਂ ਇਟਲੀ ਨੂੰ ਹਾਲੇ ਤੱਕ ਕੋਈ ਸਥਿਰ ਸਰਕਾਰ ਨਹੀ ਮਿਲ ਸਕੀ ਹੈ।ਇਸ ਤੋਂ ਪਹਿਲਾ ਵਾਲੀ ਸਰਕਾਰ ਦੌਰਾਨ ਵਿਦਿਆਰਥੀਅ ਵਰਗ, ਟ੍ਰਾਂਸਪੋਰਟਰਾਂ ਤੇ ਦੋਧੀਆਂ ਦੁਆਰਾ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ ਸਨ। ਜਿਸ ਨਾਲ ਕੌਂਤੇ ਸਰਕਾਰ ਦੀ ਕਾਰਗੁਜਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਸੀ ਪ੍ਰੰਤੂ ਕੌਂਤੇ ਨੂੰ ਹੁਣ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ। ਉਹ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਦੇਸ਼ ਨੂੰ ਫਿਰ ਸਾਜਗਾਰ ਹਾਲਾਤਾਂ 'ਤੇ ਲਿਜਾ ਸਕਦੇ ਹਨ।

Vandana

This news is Content Editor Vandana