ਇਟਲੀ : ਖਾਲਸੇ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ

05/01/2022 2:53:18 PM

ਰੋਮ (ਕੈਂਥ): ਖਾਲਸੇ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਇਟਲੀ ਵਿੱਚ ਵੱਖ-ਵੱਖ ਸ਼ਹਿਰਾਂ ਵਿਚ ਸਜਾਏ ਜਾ ਰਹੇ ਨਗਰ ਕੀਰਤਨਾਂ ਦੀ ਲੜੀ ਤਹਿਤ ਬੀਤੇ ਦਿਨੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕਸਤਲਗੋਂਬੈਰਤੋ (ਵਿਚੈਂਸਾ) ਵੱਲੋਂ ਕਸਤਲਗੋਂਬੈਰਤੋ ਵਿਖੇ ਵਿਸ਼ਾਲ ਨਗਰ ਕੀਰਤਨ ਖਾਲਸਾਈ ਸ਼ਾਨੋ ਸ਼ੋਕਤ ਤੇ ਜਾਹੋ ਜਲਾਲ ਨਾਲ ਸਜਾਇਆ ਗਿਆ।ਇਸ ਮੌਕੇ 'ਤੇ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ। ਕੇਸਰੀ ਦਸਤਾਰਾਂ ਤੇ ਦੁਮਾਲਿਆ ਨੂੰ ਵੇਖ ਲੱਗ ਰਿਹਾ ਸੀ ਜਿਵੇਂ ਇਹ ਖਾਸ ਦਿਨ ਕੇਸਰੀ ਰੰਗ ਦਾ ਹੀ ਚੜ੍ਹਿਆ ਹੋਵੇ। ਇਟਲੀ ਦੇ ਵੱਖ ਵੱਖ ਹਿੱਸਿਆਂ ਤੋਂ ਪੁੱਜੀਆਂ ਸੰਗਤਾਂ ਦੇ ਚਿਹਰਿਆਂ 'ਤੇ ਚੜ੍ਹੇ ਨੂਰ ਤੋਂ ਖਾਲਸੇ ਦੀ ਚੜ੍ਹਦੀ ਕਲ੍ਹਾਂ ਦੀ ਦਿੱਖ ਆਪ ਮੁਹਾਰੇ ਨਜ਼ਰੀ ਪੈ ਰਹੀ ਸੀ।

ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਦੇ ਹੇਠ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕਸਤਲਗੋਂਬੈਰਤੋ (ਵਿਚੈਂਸਾ) ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ਼ ਅਤੇ ਸਿੱਖੀ ਪਰੰਪਰਾਵਾਂ ਤਹਿਤ ਆਰੰਭ ਹੋਇਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰੂਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਸਾਰੇ ਰਸਤੇ ਵਿਚ ਸੰਗਤਾਂ ਦੁਆਰਾ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ। ਜਗ੍ਹਾ-ਜਗ੍ਹਾ 'ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਗਿਆ

ਨਗਰ ਕੀਰਤਨ ਦੌਰਾਨ ਵਿਦੇਸ਼ੀ ਮੂਲ ਦੇ ਲੋਕ ਵੀ ਸਿੱਖੀ ਸਿਧਾਤਾਂ ਤੋਂ ਪ੍ਰਭਾਵਿਤ ਹੋ ਰਹੇ ਸਨ। ਵੱਖ ਵੱਖ ਗੁਰੂਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਵੱਖ ਵੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਈ ਤਰਾਂ ਦੇ ਲੰਗਰ ਲਗਾਏ ਗਏ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ  ਗੱਤਕਾ ਅਕੈਦਮੀ ਦੇ ਸਿੰਘਾ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਸ਼ਾਮ ਨੂੰ ਸਮਾਪਤੀ 'ਤੇ ਪੰਡਾਲ ਸਜਾਇਆ ਗਿਆ।ਜਿੱਥੇ ਗਿਆਨੀ ਫੌਜਾ ਸਿੰਘ ਸਾਗਰ ਇੰਟਰਨੈਸ਼ਨਲ ਅਨਮੋਲ ਢਾਡੀ ਜੱਥੇ ਨੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਗੁਰਦਆਰਾ ਪ੍ਰਬੰਧਕ ਕਮੇਟੀ ਕਸਤਲਗੋਂਬੈਰਤੋ ਵੱਲੋਂ ਕਸਤਲਗੋਂਬੈਰਤੋ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਵੱਖ ਵੱਖ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।ਅੰਤ ਵਿੱਚ ਗੁਰਦਆਰਾ ਸਿੰਘ ਸਭਾ ਕਸਤਲਗੋਂਬੈਰਤੋ ਦੇ ਪ੍ਰਬੰਧਕਾਂ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ।

Vandana

This news is Content Editor Vandana