ਇਟਲੀ ''ਚ ਦੁਕਾਨਾਂ ਬੰਦ, ਕੋਰੋਨਾ ਤੋਂ ਬਚਾਅ ਲਈ ਸਰਕਾਰ ਖਰਚੇਗੀ 25 ਬਿਲੀਅਨ ਯੂਰੋ

03/12/2020 2:29:59 PM

ਰੋਮ, (ਕੈਂਥ)— ਇਟਲੀ ਵਿਚ ਬਹੁਤ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ, ਜਿਸ ਨੂੰ ਰੋਕਣ ਲਈ ਇਟਲੀ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਦਿਆਂ ਸਾਰੇ ਦੇਸ਼ ਵਿਚ ਲਾਕ ਡਾਊਨ ਦਾ ਐਲਾਨ ਕਰ ਦਿੱਤਾ ਹੈ । ਇਸ ਦਾ ਮਤਲਬ ਇਹ ਹੈ ਕਿ ਦੇਸ਼ ਵਿਚ ਹਰ ਤਰ੍ਹਾਂ ਦੇ ਕਾਰੋਬਾਰ, ਪਬਲਿਕ ਸਥਾਨ, ਸਿਨੇਮਾ ਹਾਲ ਆਦਿ ਬੰਦ ਰਹਿਣਗੇ।

ਪ੍ਰਧਾਨ ਮੰਤਰੀ ਜੁਸੇਪੇ ਕੋਂਤੇ ਨੇ ਕਿਹਾ ਕਿ 25 ਮਾਰਚ ਤੱਕ ਪੂਰੀ ਇਟਲੀ 'ਚ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਸਿਰਫ ਖਾਣ-ਪੀਣ ਦੇ ਸਮਾਨ ਵਾਲੀਆਂ ਦੁਕਾਨਾਂ ਅਤੇ ਮੈਡੀਕਲ ਸਟੋਰ ਹੀ ਖੁੱਲ੍ਹਣਗੇ।  ਇਸ ਤੋਂ ਇਲਾਵਾ ਇਟਲੀ ਵਿਚ ਕਿਸੇ ਵੀ ਇਕੱਠ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਇਟਲੀ ਵਿਚ 827 ਲੋਕ ਮਾਰੇ ਗਏ ਹਨ ਤੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 12,462 ਹੋ ਚੁੱਕੀ ਹੈ।

ਚੀਨ ਦਾਅਵਾ ਕਰ ਰਿਹਾ ਹੈ ਕਿ ਉਸ ਦੇ ਦੇਸ਼ 'ਚ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਆ ਰਹੇ ਹਨ ਪਰ ਇਟਲੀ ਵਿਚ ਇਹ ਮਾਮਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਟਲੀ ਸਰਕਾਰ ਨੇ ਕੋਰੋਨਾ ਨੂੰ ਰੋਕਣ ਲਈ 25 ਬਿਲੀਅਨ ਯੂਰੋ ਰਕਮ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਟਲੀ ਦੁਨੀਆ ਦੀ 9ਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਹੈ ਅਤੇ ਇਸ ਦੇ ਲਾਕ ਡਾਊਨ ਹੋਣ ਦਾ ਮਤਲਬ ਇਹ ਹੈ ਕਿ ਇੱਥੋਂ ਦੀ ਅਰਥ ਵਿਵਸਥਾ ਨੂੰ ਭਾਰੀ ਘਾਟਾ ਪਵੇਗਾ। ਅਰਥ ਸ਼ਾਸਤਰੀਆਂ ਮੁਤਾਬਕ ਇਸ ਸਾਲ ਦੀ ਅਰਥ-ਵਿਵਸਥਾ ਦੋ ਫੀਸਦੀ ਤੱਕ ਘੱਟ ਰਹਿ ਸਕਦੀ ਹੈ। ਇਹ ਜ਼ਿਕਰਯੋਗ ਹੈ ਕਿ ਇਟਲੀ ਸਰਕਾਰ ਨੇ ਇਹ ਲਾਕ ਡਾਊਨ ਤਿੰਨ ਅਪ੍ਰੈਲ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਵੱਡੀਆਂ-ਵੱਡੀਆਂ ਕਾਰ ਕੰਪਨੀਆਂ ਨੇ ਵੀ ਆਪਣੇ ਪਲਾਂਟ ਬੰਦ ਕਰਨ ਦਾ ਐਲਾਨ ਕੀਤਾ ਹੈ। ਸਭ ਤੋਂ ਵੱਡੀ ਕੰਪਨੀ ਫੋਰਡ ਜਿਸ ਦੇ ਇਟਲੀ 'ਚ ਚਾਰ ਪਲਾਂਟ ਹਨ, ਨੇ ਵੀ ਆਪਣੇ ਪਲਾਂਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ।