ਇਟਲੀ ਦੇ ਲੋਕਾਂ ਨੂੰ ਤੇਜ਼ੀ ਨਾਲ ''ਖਾ'' ਰਿਹੈ ਕੋਰੋਨਾ ਵਾਇਰਸ, ਲਗਾਤਾਰ ਵੱਧ ਰਿਹੈ ਮੌਤਾਂ ਦਾ ਅੰਕੜਾ

03/18/2020 1:43:35 AM

ਰੋਮ (ਏਜੰਸੀ)- ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਬਾਕੀ ਮੁਲਕਾਂ ਵਿਚ ਘੱਟਦਾ ਜਾ ਰਿਹਾ ਹੈ ਉਥੇ ਹੀ ਇਟਲੀ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਰੋਜ਼ਾਨਾ 300 ਦਾ ਅੰਕੜਾ ਪਾਰ ਹੁੰਦਾ ਜਾ ਰਿਹਾ ਹੈ, ਜਦੋਂ ਕਿ ਚੀਨ ਵਿਚ ਮੌਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਇਟਲੀ ਵਿਚ ਹੁਣ ਤੱਕ 2503 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪੂਰੀ ਦੁਨੀਆ ਵਿਚ ਹੁਣ ਤੱਕ ਮੌਤਾਂ ਦਾ ਅੰਕੜਾ ਵੱਧ ਕੇ 7927 ਹੋ ਚੁੱਕਾ ਹੈ, ਜਦੋਂ ਕਿ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 196,724 ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ 81,683 ਹੋ ਗਈ ਹੈ। ਇਟਲੀ ਵਿਚ ਕੁਲ 31,506 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਟਲੀ ਤੋਂ ਬਾਅਦ ਮੌਤਾਂ ਦੀ ਗਿਣਤੀ ਵਿਚ ਦੂਜੇ ਨੰਬਰ 'ਤੇ ਸਪੇਨ ਆਉਂਦਾ ਹੈ, ਜਿੱਥੇ ਅੱਜ ਵਾਇਰਸ ਕਾਰਨ 168 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਥੇ ਕੁਲ ਮੌਤਾਂ ਦੀ ਗਿਣਤੀ 510 ਹੋ ਗਈ ਹੈ।ਦੱਸਣਯੋਗ ਹੈ ਕਿ ਇਟਲੀ ਵਿਚ ਵਾਇਰਸ ਤੋਂ ਡਰੇ ਲੋਕ ਹੱਥ ਮਿਲਾਉਣ ਤੋਂ ਬਿਲਕੁਲ ਗੁਰੇਜ ਕਰ ਰਹੇ ਹਨ। ਜੇਕਰ ਹੱਥ ਮਿਲਾਉਣਾ ਵੀ ਪੈਂਦਾ ਹੈ ਤਾਂ ਉਹ ਆਪਣੇ ਨੌਜਵਾਨ ਵਿਦੇਸ਼ ਮੰਤਰੀ ਲੁਈਜੀ ਦਾ ਮਾਈਉ ਦੇ ਉਕਤ ਨਵੇਂ ਤਰੀਕੇ ਨੂੰ ਅਪਣਾ ਰਹੇ ਹਨ,ਜਿਸ ਤਰ੍ਹਾਂ ਉਹਨਾਂ ਬੀਤੇ ਕੱਲ ਇਕ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਆਪਣੇ ਇਕ ਸ਼ੁਭਚਿੰਤਕ ਨੂੰ ਬੁਲਾਇਆ ਸੀ।

ਦੱਸਣਯੋਗ ਹੈ ਕਿ ਜਦੋ ਉਸ ਵਿਅਕਤੀ ਨੇ ਵਿਦੇਸ਼ ਮੰਤਰੀ ਨੂੰ ਬੁਲਾਉਣ ਲਈ ਹੱਥ ਅੱਗੇ ਵਧਾਇਆ ਤਾਂ ਉਨ੍ਹਾਂ ਬੜੀ ਚਲਾਕੀ ਨਾਲ ਉਸ ਵਿਅਕਤੀ ਨਾਲ ਆਪਣੀ ਕੂਹਣੀ ਨੂੰ ਜੋੜਕੇ ਮਿਲਣ ਦਾ ਨਵਾਂ ਤਰੀਕਾ ਅਪਣਾ ਲਿਆ। ਵਿਦੇਸ਼ ਮੰਤਰੀ ਦੀ ਇਸ ਗੱਲ ਤੋਂ ਨੌਜਵਾਨ ਵਰਗ ਕਾਫੀ ਪ੍ਰਭਾਵਿਤ ਹੋਏ ਤੇ ਉਹ ਇਸ ਨਵੇਂ ਤਰੀਕੇ ਨੂੰ ਆਪਣੇ ਦੋਸਤਾਂ ਨੂੰ ਮਿਲਣ ਮੌਕੇ ਵਰਤ ਰਹੇ ਹਨ, ਜਿਸ ਦੇ ਸੋਸ਼ਲ ਮੀਡੀਆ 'ਤੇ ਖੂਬ ਚਰਚੇ ਹੋ ਰਹੇ ਹਨ।

Sunny Mehra

This news is Content Editor Sunny Mehra