ਇਟਲੀ ਦੀ ਪੁਲਸ ਹੁਣ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਰਤੇਗੀ ਟੇਜ਼ਰ ਬੰਦੂਕ

07/10/2018 1:04:23 PM

ਰੋਮ/ਇਟਲੀ (ਦਲਵੀਰ ਕੈਂਥ)— ਇਟਲੀ ਵਿਚ ਸਰਕਾਰ ਚਾਹੇ ਕੋਈ ਵੀ ਹੋਵੇ ਪਰ ਦੇਸ਼ ਵਾਸੀਆਂ ਦੀ ਸੁਰੱਖਿਆ ਹਿੱਤ ਦੇਸ਼ ਭਰ ਦੇ ਪੁਲਸ ਪ੍ਰਸ਼ਾਸ਼ਨ ਨੂੰ ਸਦਾ ਹੀ ਹਰ ਪੱਖੋਂ ਭਰਪੂਰ ਸਹਿਯੋਗ ਦਿੰਦੀ ਹੈ। ਸ਼ਾਇਦ ਇਸੇ ਲਈ ਹੀ ਇਟਾਲੀਅਨ ਲੋਕ ਪੁਲਸ ਪ੍ਰਸ਼ਾਸ਼ਨ ਦੇ ਕੰਮ ਉੱਤੇ ਬਹੁਤ ਘੱਟ ਕਿੰਤੂ ਪ੍ਰੰਤੂ ਕਰਦੇ ਹਨ ।ਇਟਲੀ ਦੀ ਸਰਕਾਰ ਨੇ ਪੁਲਸ ਪ੍ਰਸ਼ਾਸ਼ਨ ਨੂੰ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਵਧੇਰੇ ਸੁੱਰਖਿਆ ਮੁੱਹਈਆ ਕਰਵਾਉਣ ਲਈ ਦੇਸ਼ ਦੇ ਵੱਖ-ਵੱਖ 11 ਸ਼ਹਿਰਾਂ ਵਿਚ ਪੁਲਸ ਬਲਾਂ ਨੂੰ ਟੇਜ਼ਰ ਬੰਦੂਕਾਂ (ਇਲੈਕਟ੍ਰਾਨਿਕ ਬਦੂੰਕਾਂ) ਦਿੱਤੀਆਂ ਹਨ, ਜਿਹੜੀਆਂ ਕਿ ਇਕ-ਇਕ ਤਜ਼ਰਬੇ ਅਧੀਨ ਹਨ।ਦੁਨੀਆ ਭਰ ਵਿਚ ਹੁਣ ਤੱਕ ਟੇਜ਼ਰ ਬੰਦੂਕਾਂ ਨੂੰ 100 ਦੇਸ਼ਾਂ ਦੀ ਪੁਲਸ ਵਰਤ ਰਹੀ ਹੈ।
ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਮਿਲਾਨ, ਤਰੀਨ, ਬਲੋਨੀਆ, ਫੀਰੈਂਸੇ, ਪਾਦੋਆ, ਰਿਜੋਇਮੀਲੀਆ, ਨਾਪੋਲੀ, ਕਸ਼ੇਰਤਾ, ਕਤਾਨੀਆ, ਬਰਿਨਦੀਸੀ ਅਤੇ ਪਲੇਰਮੋ ਆਦਿ ਸ਼ਹਿਰਾਂ ਵਿਚ ਸੀਮਤ ਗਿਣਤੀ ਵਿਚ ਟੇਜ਼ਰ ਬੰਦੂਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਹ ਟੇਜ਼ਰ ਬੰਦੂਕਾਂ ਇਟਲੀ ਦੀਆਂ ਸਭ ਸੜਕਾਂ ਉਪੱਰ ਗਸ਼ਤ ਕਰਨ ਵਾਲੇ ਤਿੰਨ ਵੱਖ-ਵੱਖ ਤਰ੍ਹਾਂ ਦੇ ਪੁਲਸ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਹਨ।ਜਿਨ੍ਹਾਂ ਵਿਚ ਸੂਬਾ ਪੁਲਸ, ਕਾਰਬੀਨੇਰੀ ਅਤੇ ਗੁਆਰਦੀਆ ਦੀ ਫਿਨੈਂਸਾ ਮੁੱਖ ਹਨ ।ਇਹਨਾਂ ਟੇਜ਼ਰ ਬੰਦੂਕਾਂ ਨੂੰ ਚਲਾਉਣ ਲਈ ਮੁਲਾਜ਼ਮਾਂ ਨੂੰ ਵਿਸ਼ੇਸ ਸਿਖਲਾਈ ਕੈਂਪਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ।
ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਇਹਨਾਂ ਟੇਜ਼ਰ ਬੰਦੂਕਾਂ ਪ੍ਰਤੀ ਬੋਲਦਿਆਂ ਕਿਹਾ ਕਿ ਇਹ ਬੰਦੂਕਾਂ ਇਕ ਗੈਰ-ਘਾਤਕ ਹਥਿਆਰ ਹਨ, ਜਿਹੜੀਆਂ ਕਿ ਪੁਲਸ ਵਿਭਾਗ ਵੱਲੋਂ ਵਰਤੀਆਂ ਜਾਣਗੀਆਂ।ਇਹ ਬੰਦੂਕਾਂ ਪੁਲਸ ਮੁਲਾਜ਼ਮਾਂ ਦੀ ਨਿੱਜੀ ਸੁਰੱਖਿਆ ਦੇ ਖ਼ਤਰੇ ਨੂੰ ਘਟਾਉਣਗੀਆਂ।ਸਾਲ 2014 ਵਿਚ ਇਟਲੀ ਦੀ ਪਿਛਲੀ ਸਰਕਾਰ ਨੇ ਇਸ ਟੇਜ਼ਰ ਬੰਦੂਕ ਦਾ ਪ੍ਰਸਤਾਵ ਰੱਖਿਆ ਸੀ ਪਰ ਜਨਤਕ ਸੁੱਰਖਿਆ ਦੇ ਮੱਦੇ ਨਜ਼ਰ ਇਸ ਦੀਆਂ ਸਾਵਧਾਨੀਆਂ ਨੂੰ ਵੀ ਮਜ਼ਬੂਤ ਕਰਨ ਦੀ ਕਾਰਵਾਈ ਕੀਤੀ।ਜਿਸ ਨੂੰ ਕਿ 4 ਸਾਲ ਲੱਗੇ।ਇਟਲੀ ਪੁਲਸ ਮੁੱਖੀ ਫਰਾਂਕੋ ਗਬਰੇਏਲੀ ਨੇ ਟੇਜ਼ਰ ਬੰਦੂਕ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਟਾਲੀਅਨ ਪੁਲਸ ਅਫ਼ਸਰਾਂ ਲਈ ਟੇਜ਼ਰ ਬੰਦੂਕ ਦਾ ਮਾਡਲ x2 ਡਿਫੈਂਡਰ ਚੁਣਿਆ ਗਿਆ ਹੈ ਜੋ ਕਿ ਇਕ ਵਾਰ ਵਿਚ ਦੁਸ਼ਮਣ ਨੂੰ 5 ਸੈਕਿੰਡ ਤੱਕ ਕਈ ਹਜ਼ਾਰ ਵੋਲਟ ਦਾ ਝੱਟਕਾ ਦਿੰਦਾ ਹੈ, ਜਿਸ ਨੂੰ 7 ਮੀਟਰ ਦੀ ਦੂਰੀ ਤੱਕ ਵਰਤਿਆ ਜਾ ਸਕਦਾ ਹੈ ।
ਟੇਜ਼ਰ ਬੰਦੂਕ ਦੇ ਇਸ ਮਾਡਲ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ ਵੈਲਜ਼ ਅਤੇ ਹੋਰ ਕਈ ਦੇਸ਼ਾਂ ਵਿਚ ਵਰਤਿਆ ਜਾ ਰਿਹਾ ਹੈ।ਵੈਟੀਕਨ ਵਿਚ ਮਿਲਟਰੀ ਪੁਲਸ ਨੂੰ ਵੀ ਪਿਛਲੇ ਮਹੀਨੇ ਟੇਜ਼ਰ ਬੰਦੂਕਾਂ ਦਿੱਤੀਆਂ ਗਈਆਂ।ਟੇਜ਼ਰ ਬੰਦੂਕਾਂ ਨੂੰ ਜਿੱਥੇ ਚੰਗਾ ਸਮਝਿਆ ਜਾ ਰਿਹਾ ਹੈ, ਉੱਥੇ ਇਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ। ਵਿਰੋਧ ਕਰਨ ਵਾਲਿਆਂ ਅਨੁਸਾਰ ਟੇਜ਼ਰ ਬੰਦੂਕਾਂ ਅਸਥਾਈ ਤੌਰ ਤੇ ਕਈ ਕੇਸਾਂ ਵਿਚ ਅਧਰੰਗ ਦਾ ਕਾਰਨ ਬਣਦੀਆਂ ਹਨ ।ਇਸ ਦੀ ਵਰਤੋਂ ਦਿਮਾਗੀ ਗਤੀਵਿਧੀਆਂ ਵਿਚ ਰੁਕਾਵਟ ਬਣਦੀ ਹੈ।ਯੂਨਾਈਟਿਡ ਨੈਸ਼ਨਲ ਕਮੇਟੀ ਨੇ ਤਸ਼ੱਦਦ ਵਿਰੁੱਧ ਇਸ ਬੰਦੂਕ ਨੂੰ ਜ਼ਹਿਰੀਲਾ ਤੱਤ ਮੰਨਿਆ ਹੈ।