ਇਟਲੀ : ਪਾਕਿਸਤਾਨੀ ਆਸ਼ਿਕ ਨੇ ਕੀਤਾ ਘਿਨੌਣਾ ਕਾਰਾ, ਇਟਾਲੀਅਨ ਪ੍ਰੇਮਿਕਾ ਦੇ ਨੌਜਵਾਨ ਪੁੱਤ ਦੀ ਕੀਤੀ ਹੱਤਿਆ

05/15/2021 2:58:15 PM

ਰੋਮ (ਦਲਵੀਰ ਕੈਂਥ)-ਇਟਲੀ ’ਚ ਇੱਕ ਵਾਰ ਫਿਰ ਵਿਦੇਸ਼ੀ ਲੋਕ ਇਟਾਲੀਅਨ ਲੋਕਾਂ ਦੇ ਗੁੱਸੇ ਦਾ ਉਦੋਂ ਸ਼ਿਕਾਰ ਹੋਏ ਜਦੋਂ ਇੱਕ ਪਾਕਿਸਤਾਨੀ ਆਸ਼ਿਕ ਨੇ ਆਪਣੀ ਮਹਿਬੂਬਾ ਨੂੰ ਚਾਕੂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮਹਿਬੂਬਾ ਦੇ ਪੁੱਤਰ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਪਣੀ ਮਾਂ ਨੂੰ ਬਚਾ ਲਿਆ। ਇਟਲੀ ਦੇ ਰਾਸ਼ਟਰੀ ਮੀਡੀਆ ’ਚ ਸੁਰਖ਼ੀਆਂ ਬਣ ਕੇ ਨਸ਼ਰ ਹੋਈਆਂ ਖ਼ਬਰਾਂ  ਅਨੁਸਾਰ ਇਟਲੀ ਦੇ ਸਰਦੇਨੀਆ ਸੂਬੇ ’ਚ ਇੱਕ 29 ਸਾਲ ਦੇ ਪਾਕਿਸਤਾਨੀ ਮੂਲ ਦੇ ਨੌਜਵਾਨ ਮਸੀਹ ਸ਼ਾਹਿਦ ਨੂੰ 50 ਸਾਲ ਦੀ ਇਟਾਲੀਅਨ ਪਾਓਲਾ ਪੀਰਸ ਨਾਲ ਪਿਆਰ ਹੋ ਗਿਆ ਤੇ ਦੋਵਾਂ ਨੇ ਮੰਗਣੀ ਵੀ ਕਰਵਾ ਲਈ ਪਰ ਜਲਦ ਹੀ ਇਨ੍ਹਾਂ ਦਾ ਪਿਆਰ ਖੰਭ ਲਾ ਕੇ ਉੱਡ ਗਿਆ ਕਿਉਂਕਿ ਮਸੀਹ ਸ਼ਾਹਿਦ ਕਾਫ਼ੀ ਗ਼ੁੱਸੇਖ਼ੋਰ ਸੀ ਤੇ ਅਕਸਰ ਪਾਓਲਾ ਪੀਰਸ ਨੂੰ ਕੁੱਟਦਾ-ਮਾਰਦਾ ਸੀ, ਜਿਸ ਕਾਰਨ ਇਨ੍ਹਾਂ ਦੋਵਾਂ ਦਾ ਰਿਸ਼ਤਾ ਟੁੱਟ ਗਿਆ।

ਰਿਸ਼ਤਾ ਟੁੱਟਣ ਦੇ ਬਾਵਜੂਦ ਮਸੀਹ ਸ਼ਾਹਿਦ ਨੇ ਪਾਓਲਾ ਨੂੰ ਪਰੇਸ਼ਾਨ ਕਰਨਾ ਨਾ ਛੱਡਿਆ, ਜਿਸ ਤੋਂ ਦੁਖੀ ਪਾਓਲਾ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਤੇ ਪੁਲਸ ਨੇ ਮਸੀਹ ਸ਼ਾਹਿਦ ਨੂੰ ਪਾਓਲਾ ਦੇ ਘਰ ਤੋਂ ਵੀ ਦੂਰ ਰਹਿਣ ਦੀ ਚੇਤਾਵਨੀ ਦਿੱਤੀ । ਪਾਓਲਾ ਪੀਰਸ ਦੀ ਬੇਰੁਖ਼ੀ ਤੋਂ ਖਫ਼ਾ ਮਸੀਹ ਸ਼ਾਹਿਦ ਬੀਤੇ ਦਿਨ ਦੁਪਹਿਰ ਸਮੇਂ ਉਸ ਦੇ ਘਰ ਚਾਕੂ ਨਾਲ ਹਮਲਾ ਕਰਨ ਦੀ ਨੀਅਤ ਨਾਲ ਚਲਾ ਗਿਆ ਤੇ ਉੱਥੇ ਜਾ ਕੇ ਪਾਓਲਾ ਨਾਲ ਲੜਨ ਲੱਗਾ ।ਇਸ ਤੋਂ ਪਹਿਲਾਂ ਕਿ ਮਸੀਹ ਸ਼ਾਹਿਦ ਪਾਓਲਾ ਉੱਪਰ ਹੱਥ ’ਚ ਫੜੇ ਚਾਕੂ ਨਾਲ ਹਮਲਾ ਕਰਦਾ, ਪਾਓਲਾ ਦਾ 19 ਸਾਲ ਦਾ ਮੁੰਡਾ ਮੀਰਕੋ ਫਾਰਕੀ ਅੱਗੇ ਆ ਗਿਆ ਤੇ ਗ਼ੁੱਸੇ ਵਿੱਚ ਅੰਨ੍ਹੇ ਹੋਏ ਮਸੀਹ ਸ਼ਾਹਿਦ ਨੇ ਬਹੁਤ ਹੀ ਬੇਰਹਿਮੀ ਨਾਲ ਮੀਰਕੋ ਫਾਰਕੀ ਦੀਆਂ ਵੱਖੀਆਂ ’ਚ ਚਾਕੂ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ।

ਮਸੀਹ ਸ਼ਾਹਿਦ ਦਾ ਇਸ ਘਟਨਾ ਨੂੰ ਅੰਜਾਮ ਦੇ ਕੇ ਵੀ ਗ਼ੁੱਸਾ ਠੰਡਾ ਨਹੀਂ ਹੋਇਆ ਤੇ ਫਿਰ ਉਸ ਨੇ ਪਾਓਲਾ ਨੂੰ ਵੀ ਚਾਕੂ ਨਾਲ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਪਾਓਲਾ ਦੀ ਮੌਤ ਤਾਂ ਨਹੀਂ ਹੋਈ ਪਰ ਉਹ ਡੂੰਘੇ ਜ਼ਖ਼ਮਾਂ ਕਾਰਨ ਕੋਮਾ ’ਚ ਚਲੀ ਗਈ ਹੈ। ਇਸ ਗ਼ੈਰ-ਮਨੁੱਖੀ ਵਰਤਾਰੇ ਨੂੰ ਦੇਖ ਮੁੱਹਲੇ ਦੇ ਇਟਾਲੀਅਨ ਲੋਕ ਆਪੇ ਤੋਂ ਬਾਹਰ ਹੋ ਗਏ ਤੇ ਉਹ ਮਸੀਹ ਸ਼ਾਹਿਦ ਨੂੰ ਵੀ ਮਾਰਨ ਲੱਗੇ ਸਨ ਕਿ ਕਿਸੇ ਨੇ ਪੁਲਸ ਨੂੰ ਘਟਨਾ ਦੀ ਇਤਲਾਹ ਦੇ ਦਿੱਤੀ, ਜਿਸ ਨਾਲ ਤੁਰੰਤ ਪੁਲਸ ਨੇ ਆ ਕੇ ਮੌਕਾ ਸਾਂਭ ਲਿਆ । ਘਟਨਾ ’ਤੇ ਮੌਜੂਦ ਲੋਕ ਰੱਜ ਕੇ ਵਿਦੇਸ਼ੀਆਂ ਨੂੰ ਬੁਰਾ-ਭਲਾ ਬੋਲ ਰਹੇ ਸਨ।ਪੁਲਸ ਨੇ ਕਥਿਤ ਦੋਸ਼ੀ ਮਸੀਹ ਸ਼ਾਹਿਦ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਇੱਕ ਵਾਰ ਫਿਰ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਇਟਾਲੀਅਨ ਲੋਕਾਂ ਦੇ ਗ਼ੁੱਸੇ ਤੇ ਨਫ਼ਰਤ ਦਾ ਸ਼ਿਕਾਰ ਬਣਨ ਲਈ ਮਜਬੂਰ ਕਰ ਦਿੱਤਾ ਹੈ, ਜਿਸ ਕਾਰਨ ਸ਼ਾਇਦ ਹੁਣ ਇਸ ਇਲਾਕੇ ਵਿੱਚ ਇਟਾਲੀਅਨ ਲੋਕ ਵਿਦੇਸ਼ੀਆਂ ਨਾਲ ਪਿਆਰ ਪਾਉਣ ਸਮੇਂ 100 ਵਾਰ ਸੋਚਣਗੇ।

Manoj

This news is Content Editor Manoj