ਇਟਲੀ ''ਚ ਪਹਿਲੀ ਵਾਰ ਇਤਾਲਵੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਸਾਹਿਤਕ ਸਮਾਗਮ 3 ਅਪ੍ਰੈਲ ਨੂੰ

03/31/2022 2:51:25 PM

ਰੋਮ (ਕੈਂਥ)- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਤਾਲਵੀ ਅਤੇ ਪੰਜਾਬੀ ਭਾਸ਼ਾ ਦਾ ਪਹਿਲਾ ਸਾਂਝਾ ਸਾਹਿਤਕ ਸਮਾਗਮ 3 ਅਪ੍ਰੈਲ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਡਾ. ਐੱਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਪ੍ਰਸਤੀ ਵਿਚ ਹੋ ਰਹੇ ਇਸ ਆਨਲਾਈਨ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਕਰਨਗੇ। ਇਟਲੀ ਦੇ ਉੱਘੇ ਲੇਖਕ ਸਾਨਦਰੀਨੋ ਲੂਈਜੀ ਮਾਰਾ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ।

ਪੰਜਾਬੀ ਕਵਿਤਾ ਪਾਠ ਲਈ ਸਭਾ ਵੱਲੋਂ ਡਾ. ਦਵਿੰਦਰ ਸੈਫੀ ਅਤੇ ਸਵਰਨਜੀਤ ਸਵੀ ਨੂੰ ਸੱਦਾ ਦਿੱਤਾ ਗਿਆ ਹੈ। ਇਟਲੀ ਦੇ ਲੇਖਕ ਫਰੈਂਕੋ ਮਤੇਈ ਅਤੇ ਅਨਤੋਨੀਓ ਮਾਰੀਓ ਨਾਪੋਲੀਤਾਨੋ ਇਤਾਲਵੀ ਕਵੀਆਂ ਵਜੋਂ ਸ਼ਾਮਲ ਹੋਣਗੇ। ਸਮਾਗਮ ਦੀ ਖ਼ੂਬਸੂਰਤੀ ਹੈ ਕੇ ਦੋਵੇਂ ਭਾਸ਼ਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਵਿਚ ਅਨੁਵਾਦ ਕਰਕੇ ਸਾਂਝੇ ਮੰਚ ਤੋਂ ਪੇਸ਼ ਕੀਤਾ ਜਾਵੇਗਾ। ਡਾ. ਯੋਗਰਾਜ ਅਤੇ ਇਤਾਲਵੀ ਆਲੋਚਕ ਦਾਨੀਐਲੇ ਕਾਸਤੇਲਾਰੀ ਆਲੋਚਨਾਤਮਕ ਪੱਖ ਤੋਂ ਦੋਵੇਂ ਭਾਸ਼ਾਵਾਂ ਵਿਚ ਰਚਨਾਵਾਂ 'ਤੇ ਵਿਚਾਰ ਚਰਚਾ ਕਰਨਗੇ।

ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਪ੍ਰੋ. ਜਸਪਾਲ ਸਿੰਘ ਅਤੇ ਦਲਜਿੰਦਰ ਰਹਿਲ ਦੀ ਸੰਚਾਲਨਾ ਵਿਚ ਹੋ ਰਹੇ ਇਸ ਦੋ ਭਾਸ਼ੀ ਸਾਹਿਤਕ ਸਮਾਗਮ ਵਿਚ ਇਟਲੀ ਵਸਦੇ ਉਹ ਪੰਜਾਬੀ ਵਿਦਿਆਰਥੀ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਣਗੇ ਜੋ ਪੜ੍ਹਦੇ ਤਾਂ ਇਟਾਲੀਅਨ ਵਿਚ ਹਨ ਪਰ ਪੰਜਾਬ ਅਤੇ ਪੰਜਾਬੀ ਬੋਲੀ ਨਾਲ ਵੀ ਅੰਤਾਂ ਦਾ ਮੋਹ ਰੱਖਦੇ ਹਨ।

cherry

This news is Content Editor cherry