ਇਟਲੀ ''ਚ ਵੱਸਦੇ ਭਾਰਤੀ ਭਾਈਚਾਰੇ ਨੇ ਕਿਸਾਨ ਸੰਘਰਸ਼ ਲਈ ਭੇਜੀ ਮਦਦ

12/30/2020 6:04:16 PM

ਰੋਮ (ਕੈਂਥ): ਭਾਰਤ ਦੀ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜਿੱਥੇ ਦੇਸ਼ ਵਿਦੇਸ਼ ਵਿੱਚ ਬੈਠੇ ਭਾਰਤੀ ਭਾਈਚਾਰੇ ਦੇ ਲੋਕ ਹਮਾਇਤ ਦੇ ਰਹੇ ਹਨ ਅਤੇ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਵੀ ਕਰ ਰਹੇ ਹਨ, ਉੱਥੇ ਹੀ ਭਾਰਤੀ ਭਾਈਚਾਰੇ ਨਾਲ ਸਬੰਧਤ ਲੋਕ ਆਪਣੀਆਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਕਿਸਾਨ ਸੰਘਰਸ਼ ਲਈ ਮੱਦਦ ਵੀ ਭੇਜ ਰਹੇ ਹਨ। ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਵੱਲੋ ਕਿਸਾਨ ਸੰਘਰਸ਼ ਲਈ ਪ੍ਰਸ਼ਾਦਾ ਬਣਾਉਣ ਵਾਲੀ ਮਸ਼ੀਨ ਅਤੇ 2 ਲੱਖ ਰੁਪਏ ਦੀ ਰਾਸ਼ੀ ਗਾਜ਼ੀਪੁਰ ਬਾਰਡਰ ਤੇ ਟੈਂਟ ਅਤੇ ਗੱਦਿਆਂ ਦੀ ਸੇਵਾ ਲਈ ਭੇਜੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਟਲੀ ਦੀਆਂ ਸਿੱਖ ਸੰਗਤਾਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀਆਂ ਹਨ ਅਤੇ ਉਹ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਦੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ  ਅੱਗੇ ਵੀ ਇਸ ਕਿਸਾਨੀ ਸੰਘਰਸ਼ ਲਈ ਮਦਦ ਭੇਜਦੇ ਰਹਿਣਗੇ। ਉੱਧਰ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਇਟਲੀ ਦੀ ਸੰਸਥਾ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਕਲੱਬ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ 1780 ਯੂਰੋ  (1,58,000 ਰੁਪਏ) ਮਦਦ ਭੇਜੀ ਗਈ। ਇਸ ਰਕਮ ਦਾ ਪਾਣੀ ਅਤੇ ਪੈਕਟਾਂ ਵਾਲਾ ਦੁੱਧ ਕਿਸਾਨੀ ਸੰਘਰਸ਼ ਲਈ ਭੇਜਿਆ ਗਿਆ। ਇਸ ਸਬੰਧੀ ਸੰਸਥਾ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜਲਦੀ ਹੀ ਇਸ ਕਿਸਾਨੀ ਸੰਘਰਸ਼ ਲਈ ਹੋਰ ਮਦਦ ਵੀ ਭੇਜਣਗੇ।

Vandana

This news is Content Editor Vandana