ਇਟਲੀ : ਸਰਕਾਰ ਦੇ ਵਿਰੋਧ ''ਚ ਸੜਕਾਂ ''ਤੇ ਉਤਰੇ ਵਿਦੇਸ਼ੀ ਕਾਮੇ

12/07/2018 11:47:32 AM

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੀ ਮੌਜੂਦਾ ਸਰਕਾਰ ਵਲੋਂ ਵਿਦੇਸ਼ੀ ਕਰਮਚਾਰੀਆਂ ਦੇ ਹੱਕਾਂ ਨਾਲ ਖਿਲਵਾੜ ਕਰਦਿਆਂ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਇਨ੍ਹਾਂ ਨਵੇ ਕਾਨੂੰਨਾਂ ਦੇ ਵਿਰੋਧ ਵਿਚ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਵਿਦੇਸ਼ੀ ਕਾਮਿਆਂ ਨੇ ਰਾਜਧਾਨੀ ਰੋਮ ਦੀਆਂ ਸੜਕਾਂ ਤੇ ਉੱਤਰ ਕੇ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਵਿਦੇਸ਼ੀ ਲੋਕਾਂ ਦੇ ਹੱਕਾਂ ਤੇ ਡਾਕੇ ਮਾਰਦੇ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਹੈ। ਦੱਸਣਯੌਗ ਹੈ ਕਿ ਵਿਦੇਸ਼ੀ ਕਾਮਿਆਂ ਦੀ ਰਵਾਇਤੀ ਵਿਰੋਧੀ ਪਾਰਟੀ “ਲੇਗਾ ਨੌਰਥ'' ਦੇ ਮੰਤਰੀ ਮਾਤੇਇਓ ਸਿਲਵੀਨੀ ਵਲੋਂ ਜਿੱਥੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਦੱਸਦੇ ਹੋਏ ਇੰਮੀਗ੍ਰੇਸ਼ਨ ਲਈ ਨਵੇਂ-ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਉੱਥੇ ਵਿਦੇਸ਼ੀ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਨਕਸਲੀ ਟਿੱਪਣੀਆਂ ਤੱਕ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਵੇਖਦੇ ਹੋਏ ਇਟਲੀ ਦੀ ਅਰਥ ਵਿਵਸਥਾ ਨੂੰ ਬਣਾਈ ਰੱਖਣ ਲਈ ਵੱਡਾ ਯੋਗਦਾਨ ਪਾਉਣ ਵਾਲੇ ਵਿਦੇਸ਼ੀ ਕਾਮੇ, ਵਪਾਰੀ ਤੇ ਵਿਦਿਆਰਥੀ ਸਰਕਾਰੀ ਫੈਸਲਿਆਂ ਤੋ ਖਫਾ ਨਜ਼ਰ ਆ ਰਹੇ ਹਨ। 

ਇੱਥੇ ਰਹਿੰਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਵਰ੍ਹੇ ਇਟਲੀ ਰਹਿ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਹੈ ਪਰ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਦੇਸ਼ ਦੇ ਪੱਕੇ ਨਾਗਰਿਕ ਬਣਾਉਣ ਤੇ ਨੌਕਰੀਆਂ ਦੇਣ ਦੀ ਬਜਾਏ ਇਟਲੀ ਛੱਡਣ ਲਈ ਮਜਬੂਰ ਕਰ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ 3 ਸਾਲਾਂ ਦੇ ਅੰਤਰ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਸਿਰਫ ਇਟਲੀ ਨੂੰ ਇਸ ਕਰਕੇ ਅਲਵਿਦਾ ਕਹਿ ਗਏ ਹਨ ਕਿਊਕਿ ਉਨ੍ਹਾਂ ਨੂੰ ਇਸ ਦੇਸ਼ ਵਿਚ ਆਪਣੇ ਬੱਚਿਆਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ। ਇਨ੍ਹਾਂ ਵਿਚ ਹਜਾਰਾਂ ਦੀ ਗਿਣਤੀ ਵਿਚ ਪੰਜਾਬੀ ਪਰਿਵਾਰ ਵੀ ਮੌਜੂਦ ਹਨ ਜਿੰਨ੍ਹਾਂ ਨੂੰ ਚਾਵਾਂ ਨਾਲ ਬਣਾਏ ਘਰ ਤੇ ਕਾਰੋਬਾਰ ਛੱਡਕੇ ਇੰਗਲੈਡ, ਆਸਟ੍ਰੇਲੀਆ, ਜਰਮਨ ਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਜਾਣਾ ਪਿਆ।

ਰਾਜਧਾਨੀ ਦੀਆਂ ਸੜਕਾਂ ਤੇ ਇਕ ਜਲੂਸ ਦੇ ਰੂਪ ਵਿਚ ਇਕੱਠੇ ਹੋਏ ਕਾਮਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਿਟੀਜਨਸ਼ਿਪ ਦੇ ਦੋ ਤੋਂ ਵਧਾ ਕੇ ਕੀਤੇ ਚਾਰ ਸਾਲ ਦੇ ਕਾਨੂੰਨ ਸਮੇਤ ਬਣਾਏ ਹੋਰ ਸਾਰੇ ਕਾਨੂੰਨਾਂ ਨੂੰ ਵਾਪਿਸ ਲਵੇ ਨਹੀ ਤਾਂ ਆਉਂਦੇ ਦਿਨਾਂ ਵਿਚ ਹੋਰ ਵੀ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ ਜਲੂਸ ਦੇ ਰੂਪ ਵਿਚ ਇਕੱਠੇ ਹੋਏ ਲੋਕਾਂ ਵਲੋਂ ਮੌਜੂਦਾ ਸਰਕਾਰ ਖਾਸ ਕਰਕੇ ਗ੍ਰਹਿ ਮੰਤਰੀ ਮਾਤੇਇਓ ਸਿਲਵੀਨੀ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ ।

Vandana

This news is Content Editor Vandana