ਇਟਲੀ ਦੇ ਇਸ ਪਿੰਡ ''ਚ ਖੁਸ਼ੀਆਂ ਲਿਆਇਆ 2020, 8 ਸਾਲ ਬਾਅਦ ਬੱਚੇ ਦਾ ਜਨਮ

07/22/2020 6:45:12 PM

ਰੋਮ (ਬਿਊਰੋ) ਸਾਲ 2020 ਜਿੱਥੇ ਪੂਰੀ ਦੁਨੀਆ ਦੇ ਲਈ ਜਾਨਲੇਵਾ ਸਾਬਤ ਹੋਇਆ ਹੈ ਉੱਥੇ ਇਟਲੀ ਦੇ ਇਕ ਪਿੰਡ ਦੇ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਇਆ ਹੈ। ਮਤਲਬ ਦੁਨੀਆ ਦੇ ਕੁਝ ਦੇਸ਼ ਜਿੱਥੇ ਵੱਧਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਉੱਥੇ ਇਟਲੀ ਦਾ ਇਕ ਛੋਟਾ ਜਿਹਾ ਪਿੰਡ ਬੱਚਾ ਹੋਣ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਇਸ ਪਿੰਡ ਵਿਚ ਤਕਰੀਬਨ 8 ਸਾਲ ਬਾਅਦ ਕਿਸੇ ਬੱਚੇ ਦਾ ਜਨਮ ਹੋਇਆ ਹੈ। ਨਵਜੰਮੇ ਬੱਚੇ ਦੇ ਆਉਣ 'ਤੇ ਪਿੰਡ ਦੇ ਲੋਕ ਇਸ ਪਲ ਨੂੰ ਕਿਸੇ ਤਿਉਹਾਰ ਵਾਂਗ ਮਨਾ ਰਹੇ ਹਨ। 

ਇਟਲੀ ਦੇ ਲੋਮਬਾਰਡੀ ਸੂਬੇ ਵਿਚ ਵਸੇ ਇਸ ਪਿੰਡ (ਮੋਰਟਾਰਨੋ) ਵਿਚ ਐਤਵਾਰ ਨੂੰ ਇਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ 'ਡੇਨਿਸ' ਰੱਖਿਆ ਗਿਆ। ਬੱਚੇ ਦੇ ਪੈਦਾ ਹੁੰਦੇ ਹੀ ਇਸ ਪਿੰਡ ਦੀ ਕੁੱਲ ਆਬਾਦੀ 29 ਹੋ ਗਈ ਹੈ। ਮੋਰਟਾਰਨੋ ਦੀ ਮੇਅਰ ਐਂਟੋਨਿਲਾ ਇਨਵਰਨਿਜੀ ਨੇ ਇਕ ਸਥਾਨਕ ਅਖਬਾਰ ਦੇ ਹਵਾਲੇ ਨਾਲ ਕਿਹਾ ਕਿ ਇਹ ਅਸਲ ਵਿਚ ਪੂਰੇ ਭਾਈਚਾਰੇ ਲਈ ਕਿਸੇ ਉਤਸਵ ਵਾਂਗ ਹੈ। ਡੇਨਿਸ ਦੇ ਮਾਤਾ-ਪਿਤਾ ਮੈਟੋ ਅਤੇ ਸਾਰਾ ਨੇ ਇਟਲੀ ਦੇ ਇਸ ਪਿੰਡ ਦੀ ਪਰੰਪਰਾ ਨੂੰ ਨਿਭਾਉਂਦੇ ਹੋਏ ਘਰ ਦੇ ਦਰਵਾਜੇ 'ਤੇ ਨੀਲੇ ਰੰਗ ਦਾ ਰਿਬਨ ਵੀ ਕੱਟਿਆ। ਇੱਥੇ ਦੱਸ ਦਈਏ ਕਿ ਪਿੰਡ ਵਿਚ ਕੁੜੀ ਦੇ ਪੈਦਾ ਹੋਣ 'ਤੇ ਗੁਲਾਬੀ ਅਤੇ ਮੁੰਡੇ ਦੇ ਪੈਦਾ ਹੋਣ 'ਤੇ ਨੀਲੇ ਰੰਗ  ਦਾ ਰਿਬਨ ਕੱਟਿਆ ਜਾਂਦਾ ਹੈ। 

ਇਸ ਤੋਂ ਪਹਿਲਾਂ 2012 ਵਿਚ ਇੱਥੇ ਆਖਰੀ ਵਾਰ ਰਿਬਨ ਕੱਟਣ ਦਾ ਰਿਵਾਜ ਪੂਰਾ ਕੀਤਾ ਗਿਆ ਸੀ, ਜਦੋਂ ਪਿੰਡ ਵਿਚ ਇਕ ਕੁੜੀ ਨੇ ਜਨਮ ਲਿਆ ਸੀ।ਰਿਪੋਰਟ ਮੁਤਾਬਕ ਡੇਨਿਸ ਦਾ ਜਨਮ ਲੇੱਕੋ ਦੇ ਇਕ ਹਸਪਤਾਲ 'ਏਲੇਂਜੇਡਰੋ ਮੇਂਜੋਨੀ' ਵਿਚ ਹੋਇਆ। ਜਨਮ ਦੇ ਸਮੇਂ ਉਸ ਦਾ ਵਜ਼ਨ 2.6 ਕਿਲੋਗ੍ਰਾਮ ਸੀ। ਸਾਰਾ ਨੇ ਦੁਨੀਆ ਭਰ ਵਿਚ ਫੈਲੇ ਕੋਰੋਨਾਵਾਇਰਸ ਦੇ ਵਿਚ ਗਰਭਵਤੀ ਹੋਣ ਦੇ ਬਾਰੇ ਵਿਚ ਸਥਾਨਕ ਮੀਡੀਆ ਨਾਲ ਵੀ ਗੱਲ ਕੀਤੀ। ਇਸ ਮਹਾਮਾਰੀ ਨੇ ਲੋਮਬਾਰਡੀ ਸੂਬੇ ਨੂੰ ਵੀ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ ਪਰ ਮੋਰਟਾਰਨੋ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਨੇ ਕਿਹਾ,''ਇਕ ਮਹਾਮਾਰੀ ਦੇ ਦੌਰਾਨ ਗਰਭਵਤੀ ਹੋਣਾ ਆਸਾਨ ਨਹੀਂ ਸੀ। ਅਜਿਹੇ ਸਮੇਂ ਵਿਚ ਤੁਸੀਂ ਨਾ ਤਾਂ ਕਿਤੇ ਬਾਹਰ ਨਿਕਲ ਸਕਦੇ ਹੋ ਅਤੇ ਨਾ ਹੀ ਆਪਣੇ ਦੋਸਤਾਂ ਨੂੰ ਮਿਲ ਸਕਦੇ ਹੋ।'' 

ਸਾਰਾ ਨੇ ਦੱਸਿਆ ਕਿ ਹਸਪਤਾਲ ਤੋਂ ਘਰ ਪਰਤਣ ਦੇ ਬਾਅਦ ਉਹਨਾਂ ਦੇ ਪਰਿਵਾਰ ਵਿਚ ਇਕ ਵੱਡੇ ਜਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਸ ਖੁਸ਼ੀ ਵਿਚ ਸ਼ਾਮਲ ਹੋਣ ਵਾਲੇ ਹਰੇਕ ਸ਼ਖਸ ਦਾ ਉਹ ਦਿਲੋਂ ਸਵਾਗਤ ਕਰਨਗੇ। ਇਹ ਕਾਫੀ ਦਿਲਚਸਪ ਗੱਲ ਹੈ ਕਿ ਮੇਰਾ ਬੱਚਾ ਮੋਰਟਾਰਨੋ ਦੀ ਇਸ ਛੋਟੀ ਜਿਹੀ ਆਬਾਦੀ ਦੇ ਵਿਚ ਵੱਡਾ ਹੋਵੇਗਾ। ਇੱਥੇ ਦੱਸ ਦਈਏ ਕਿ ਡੇਨਿਸ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਇਕ ਹਫਤਾ ਪਹਿਲਾਂ ਹੀ ਇਟਲੀ ਨੇ ਜਨਮ ਦਰ ਵਿਚ ਰਿਕਾਰਡ ਗਿਰਾਵਟ (2019ਦੀ ਰਿਪੋਰਟ) ਹੋਣ ਦਾ ਦਾਅਵਾ ਕੀਤਾ ਹੈ। ਸਾਲ 2019 ਵਿਚ ਇਟਲੀ ਵਿਚ ਕੁੱਲ 4,20,170 ਬੱਚੇ ਪੈਦਾ ਹੋਏ ਸਨ ਜੋਕਿ 1861 ਦੇ ਬਾਅਦ ਨਵਜੰਮੇ ਬੱਚਿਆਂ ਦੀ ਸਭ ਤੋਂ ਘੱਟ ਗਿਣਤੀ ਹੈ।

ਮੋਰਟਾਰਨੋ ਨੂੰ ਇਟਲੀ ਦੀ ਸਭ ਤੋਂ ਛੋਟੀ ਨਗਰਪਾਲਿਕਾ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਹੈ। ਜਿਸ ਕਾਰਨ ਇਸ ਦੀ ਆਬਾਦੀ ਘੱਟ ਹੈ। ਇਨਵਰਨਿਜੀ ਦੇ ਪਿਤਾ ਦੀ ਮੌਤ ਦੇ ਬਾਅਦ ਇੱਥੇ ਆਬਾਦੀ 28 ਰਹਿ ਗਈ ਸੀ। ਉਹਨਾਂ ਨੇ ਕਿਹਾ,''ਹੁਣ ਅਸੀਂ 28 ਤੋਂ 29 ਲੋਕ ਹੋ ਗਏ ਹਾਂ। ਜਿੱਥੇ ਤੱਕ ਮੈਨੂੰ ਪਤਾ ਹੈ ਕਿ ਇਲਾਕੇ ਵਿਚ ਕੋਈ ਹੋਰ ਗਰਭਵਤੀ ਬੀਬੀ ਨਹੀਂ ਹੈ ਨਿਸ਼ਚਿਤ ਰੂਪ ਨਾਲ ਇਕ ਨਵਜੰਮੇ ਬੱਚੇ ਦਾ ਆਉਣਾ ਸਾਡੇ ਸਾਰਿਆਂ ਲਈ ਵੱਡੀ ਖੁਸੀ ਦੀ ਗੱਲ ਹੈ।''

Vandana

This news is Content Editor Vandana