ਇਟਲੀ ''ਚ ਭਾਰਤ ਦਾ 73ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ

08/16/2019 9:54:37 AM

ਰੋਮ/ਇਟਲੀ (ਕੈਂਥ)— ਪੂਰੀ ਦੁਨੀਆ ਵਿੱਚ ਰੈਣ ਬਸੇਰਾ ਕਰਦੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਭਾਰਤ ਦਾ 73ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਆਜ਼ਾਦੀ ਦਿਵਸ ਦੀਆਂ ਇਟਲੀ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲੀਆਂ।ਭਾਰਤੀ ਅੰਬੈਂਸੀ ਰੋਮ (ਇਟਲੀ) ਵੱਲੋਂ ਇਟਲੀ ਦੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਦੇਸ਼ ਦਾ 73ਵਾਂ ਸੁਤੰਤਰਤਾ ਦਿਵਸ ਬਹੁਤ ਹੀ ਜੋਸ਼ੀਲੇ ਢੰਗ ਨਾਲ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਆਜ਼ਾਦੀ ਦਿਵਸ ਭਾਰਤੀ ਅੰਬੈਸੀ ਇਟਲੀ ਦੀ ਰਾਜਦੂਤ ਮੈਡਮ ਰੀਨਤ ਸੰਧੂ ਦੇ ਗ੍ਰਹਿ ਵਿੱਲਾ ਵਿਨਿਆਰੋਲਾ ਰੋਮ ਵਿਖੇ ਮਨਾਇਆ ਗਿਆ, ਜਿਸ ਵਿੱਚ ਭਾਰਤੀ ਲੋਕਾਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕਾਂ ਨੇ ਵੀ ਭਾਰਤੀਆਂ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੋ ਉਹਨਾਂ ਨੂੰ ਵਿਸ਼ੇਸ਼ ਵਧਾਈ ਦਿੱਤੀ।

ਇਸ ਮੌਕੇ ਸਵੇਰੇ 10 ਵਜੇ ਮੈਡਮ ਰੀਤਨ ਸੰਧੂ ਵੱਲੋਂ ਭਾਰਤੀ ਤਿਰੰਗਾ ਲਹਿਰਾਇਆ ਗਿਆ ਉਪਰੰਤ ਰਾਸ਼ਟਰੀ ਗੀਤ “ਜਨ ਮਨ ਗਨ'' ਦਾ ਗਾਇਨ ਕੀਤਾ ਗਿਆ ਅਤੇ ਭਾਰਤ ਦੇ ਰਾਸਟਰਪਤੀ ਵਲੋਂ ਰਾਸ਼ਟਰ ਦੇ ਨਾਮ ਸੰਦੇਸ਼ ਮੈਡਮ ਰੀਨਤ ਸੰਧੂ ਵੱਲੋਂ ਪੜ੍ਹ ਕੇ ਸੁਣਾਇਆ ਗਿਆ।ਇਸ ਮੌਕੇ ਭਾਰਤੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਸਮਾਗਮ ਵੀ ਪੇਸ਼ ਕੀਤਾ ਗਿਆ।ਜਿਸ ਵਿੱਚ ਨੰਨੇ-ਮੁੰਨੇ ਭਾਰਤੀ ਬੱਚਿਆਂ ਨੇ ਵੀ ਦੇਸ਼ ਭਗਤੀ ਦੇ ਗੀਤਾਂ ਦੁਆਰਾ ਹਾਜ਼ਰ ਲੋਕਾਂ ਵਿੱਚ ਦੇਸ਼ ਭਗਤੀ ਦਾ ਨਵਾਂ ਜੋਸ਼ ਭਰਿਆ।

ਇਸ 73ਵੇਂ ਆਜ਼ਾਦੀ ਦਿਵਸ ਮੌਕੇ ਮੈਡਮ ਰੀਨਤ ਸੰਧੂ ਨੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇਸ਼ ਨੂੰ ਇਹ ਆਜ਼ਾਦੀ ਸੂਰਵੀਰ ਯੋਧਿਆਂ ਦੀ ਸ਼ਹਾਦਤ ਦੀ ਬਦੌਲਤ ਮਿਲੀ ਹੈ, ਜਿਸ ਲਈ ਅਸੀਂ ਸਾਰੇ ਕੌਮ ਦੇ ਮਹਾਨ ਸ਼ਹੀਦਾਂ ਦੇ ਕਰਜ਼ਦਾਰ ਹਾਂ।ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਦੇਸ਼ ਦੀ ਉਨਤੀ ਅਤੇ ਵਿਕਾਸ ਲਈ ਅਸੀ ਆਪਣੇ ਵੱਲੋਂ ਉਹ ਹਰ ਸੰਭਵ ਕਾਰਵਾਈ ਕਰੀਏ ਜਿਸ ਨਾਲ ਸਾਡੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੁਸ਼ਨਾਵੇ। 

ਇਸ ਮੌਕੇ 'ਤੇ ਇਟਲੀ ਦੀਆਂ ਪ੍ਰਸਿੱਧ ਸਮਾਜਸੇਵੀ ਸੰਸਥਾਵਾਂ, ਖੇਡ ਖੇਤਰ ਨਾਲ ਸਬੰਧਿਤ ਸੰਸਥਾਵਾਂ ਤੋਂ ਇਲਾਵਾ ਲਾਸੀਓ ਸੂਬੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆ ਨੇ ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਭਾਰਤੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਰੰਗਾਰੰਗ ਪ੍ਰੋਗਰਾਮ ਕਾਬਲੇ ਤਾਰੀਫ਼ ਸੀ, ਜਿਸ ਵਿਚ ਭਾਰਤੀ ਭਾਈਚਾਰੇ ਨੇ ਦੇਸ ਭਗਤੀ ਦੇ ਗੀਤਾਂ ਦੇ ਨਾਲ ਨਾਲ ਗਿੱਧੇ, ਭੰਗੜੇ ਵਰਗੇ ਲੋਕ ਨਾਚਾਂ ਦਾ ਭਰਪੂਰ ਆਨੰਦ ਲਿਆ ।ਇਸ ਸਮਾਰੋਹ ਉਪੰਰਤ ਭਾਰਤੀ ਖਾਣਿਆਂ ਦਾ ਵੀ ਆਏ ਸਭ ਮਹਿਮਾਨਾਂ ਨੇ ਭਰਪੂਰ ਲੁਤਫ਼ ਲਿਆ।ਅੰਤ ਵਿੱਚ ਸਮੂਹ ਭਾਰਤੀ ਅੰਬੈਂਸੀ ਸਟਾਫ਼ ਵੱਲੋਂ ਭਾਰਤੀ ਭਾਈਚਾਰੇ ਦਾ ਆਜ਼ਾਦੀ ਦਿਵਸ ਵਿੱਚ ਸ਼ਮੂਲੀਅਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Vandana

This news is Content Editor Vandana