ਇਟਲੀ ''ਚ ''ਜੈਤੂਨ'' ਦਾ ਤੇਲ ਬਣਾਉਣ ਵਾਲੀਆਂ 256 ਕੰਪਨੀਆਂ ਸੀਲ, ਲੱਗਾ ਭਾਰੀ ਜੁਰਮਾਨਾ

01/14/2024 11:38:28 AM

ਰੋਮ (ਦਲਵੀਰ ਕੈਂਥ): ਕਦੀਂ ਸਮਾਂ ਸੀ ਭਾਰਤੀ ਲੋਕ ਵਿਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ਨੂੰ ਇੱਕ ਨੰਬਰ ਦੀ ਚੀਜ਼ ਸਮਝ ਬਿਨ੍ਹਾਂ ਭਾਅ ਕੀਤੇ ਇਸ ਲਈ ਖਰੀਦ ਲੈਂਦੇ ਸਨ ਕਿ ਮਾਲ ਖਰ੍ਹਾ ਹੈ। ਚੀਜ਼ ਚਾਹੇ ਕੋਈ ਖਾਣ-ਪੀਣ ਦੀ ਹੋਵੇ ਜਾਂ ਬਾਹਰੀ ਵਰਤਣ ਵਾਲੀ ਬਸ ਵਿਦੇਸ਼ ਦੀ ਹੋਣੀ ਚਾਹੀਦੀ ਹੈ ਪਰ ਅਫ਼ਸੋਸ ਭਾਰਤੀ ਲੋਕਾਂ ਨੂੰ ਇਹ ਜਾਣਕੇ ਸ਼ਾਇਦ ਹੈਰਾਨੀ ਹੋਵੇ ਕਿ ਹੁਣ ਵਿਦੇਸ਼ਾਂ ਵਿੱਚ ਵੀ ਬਣਨ ਵਾਲੀ ਹਰ ਸ਼ੈਅ ਇੱਕ ਨੰਬਰ ਦੀ ਹੋਵੇ, ਇਸ ਦੀ ਕੋਈ ਗਾਰੰਟੀ ਨਹੀਂ। ਕਿੳੇੁਂਕਿ ਬੀਤੇ ਦਿਨ ਇਟਲੀ ਦੀ ਪੁਲਸ ਦੀ ਸ਼ਾਖਾ ਨਾਸ (ਜਿਹੜੀ ਕਿ ਇਟਲੀ ਭਰ ਦੀਆਂ ਖਾਣ-ਪੀਣ ਦੀਆਂ ਵਸਤਾਂ ਦੀ ਸੁੱਧਤਾ ਦੀ ਜਾਂਚ ਕਰਦੀ ਹੈ) ਨੇ ਜੈਤੂਨ ਫਲ ਦੇ ਤੇਲ ਦੀ ਅਸ਼ੁੱਧਤਾ ਲਈ ਇਟਲੀ ਦੀਆਂ 256 ਅਜਿਹੀਆਂ ਕੰਪਨੀਆਂ ਨੂੰ ਸੀਲ ਕੀਤਾ ਹੈ ਜਿਹੜੀਆਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਹਜ਼ਾਰਾਂ ਲੀਟਰ ਅਸ਼ੁੱਧ ਜੈਤੂਨ ਦਾ ਤੇਲ ਬਣਾ ਕੇ ਦੇਸ਼-ਵਿਦੇਸ਼ ਵੇਚ ਰਹੀਆਂ ਸਨ।

ਇਟਾਲੀਅਨ ਮੀਡੀਏ ਅਨੁਸਾਰ 'ਨਾਸ' ਪੁਲਸ ਵੱਲੋਂ ਦੇਸ਼ ਭਰ ਵਿੱਚ ਖਾਣ-ਪੀਣ ਦੀਆਂ ਵਸਤਾਂ ਵਿੱਚ ਸੁੱਧਤਾ ਪਰਖਣ ਲਈ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਮੁਹਿੰਮ ਨਾਲ ਸਬੰਧਤ ਟੀਮ ਨੇ ਜੈਤੂਨ ਤੇਲ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਜਾਕੇ ਜਾਂਚ-ਪੜਤਾਲ ਕੀਤੀ ਤਾਂ ਬਹੁਤ ਸਾਰਿਆਂ ਕੰਪਨੀਆਂ ਦੇ ਪ੍ਰਬੰਧਤਾਂ ਵਿੱਚ ਊਣ-ਤਾਣ ਪਾਈ ਗਈ, ਜਿਸ ਦੇ ਚੱਲਦਿਆਂ ਨਾਸ ਪੁਲਸ ਨੇ ਵੱੱਡਾ ਫ਼ੈਸਲਾ ਲਿਆ। ਅਸ਼ੁੱਧ ਜੈਤੂਨ ਤੇਲ ਵਾਧੂ ਵਰਜਿਨ ਕਹਿ, ਬਿਨ੍ਹਾਂ ਕਿਸੇ ਸਫ਼ਾਈ, ਗੰਦੇ ਵਾਤਾਵਰਨ ਤੇ ਜੰਗ ਲੱਗੇ ਉਪਕਰਨਾਂ ਦੇ ਨਾਲ ਗੈਰ-ਕਾਨੂੰਨੀ ਬਣਤਰਾਂ ਵਿੱਚ ਸੰਸਾਧਿਤ ਕੀਤਾ ਗਿਆ। ਇਹ ਬੇਨਿਯਮੀਆਂ ਜੋ ਸਿਹਤ ਵਿਭਾਗ ਮੰਤਰਾਲੇ ਦੇ ਸਹਿਯੋਗ ਨਾਲ ਨਾਸ ਪੁਲਸ ਵੱਲੋਂ ਕਰਵਾਏ ਗਏ ਇਟਾਲੀਅਨ ਤੇਲ ਉਤਪਾਦਨਾਂ ਤੇ ਜਾਂਚ ਦੇ ਅਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ।

ਇਸ ਕਾਰਵਾਈ ਦੌਰਾਨ 26 ਲੋਕਾਂ 'ਤੇ ਕੇਸ ਦਰਜ ਕੀਤੇ ਗਏ ਤੇ 22 ਕੰਪਨੀਆਂ ਨੂੰ ਮੁਅੱਤਲ ਕੀਤਾ ਗਿਆ। ਸੀਲ ਕੀਤੀਆਂ 256 ਕੰਪਨੀਆਂ, ਮਿੱਲਾਂ ਅਤੇ ਉਦਪਾਦਨਾਂ ਅਤੇ ਵਪਾਰਕ ਅਦਾਰਿਆ ਵਿੱਚ 1250 ਵਾਰ ਛਾਪਾਮਾਰੀ ਹੋਈ ਤੇ ਦੋਸ਼ੀਆਂ ਨੂੰ 189 ਹਜ਼ਾਰ ਯੂਰੋ ਦਾ ਜੁਰਮਾਨਾ ਕੀਤਾ ਗਿਆ। ਇਸ ਸੰਬੰਧੀ ਕਾਰਾਬੀਨੇਰੀ ਹੈਲਥ ਪ੍ਰੋਟੈਕਸ਼ਨ ਕਮਾਂਡ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹ ਜਾਂਚ ਨਵੰਬਰ ਤੇ ਦਸੰਬਰ 2023 ਦੌਰਾਨ ਕੀਤੀ ਗਈ। ਪੁਲਸ ਨੇ ਕਿਹਾ ਕਿ ਉਹ ਜਾਂਚ ਮੁਹਿੰਮ ਦੀਆਂ ਉਹਨਾਂ ਤਮਾਮ ਟੀਮਾਂ ਦਾ ਧੰਨਵਾਦ ਕਰਦੇ ਹਨ ਜਿਹੜੀਆਂ ਕਿ ਇਟਾਲੀਅਨ ਗੁਣਵੱਤਾ ਅਤੇ ਨਾਗਰਿਕਾਂ ਦੀ ਸਿਹਤ ਰੱਖਿਆ ਵਿੱਚ ਦਿਨ-ਰਾਤ ਸੇਵਾ ਵਿੱਚ ਹਾਜ਼ਰ ਹਨ। 

ਉਹਨਾਂ ਲੋਕਾਂ ਲਈ ਇਟਲੀ ਵਿੱਚ ਕੋਈ ਥਾਂ ਨਹੀਂ ਜਿਹੜੇ ਕਿ ਕਾਨੂੰਨ ਤੋਂ ਬਾਹਰ ਜਾ ਕੰਮ ਕਰਨਾ ਚਾਹੁੰਦੇ। ਉਹ ਇਮਾਨਦਾਰੀ, ਕੁਰਬਾਨੀ ਅਤੇ ਨਿਯਮਾਂ ਨੂੰ ਅਣਡਿੱਠਾ ਕਰਦੇ ਹੋਏ ਸਦਾ ਹੀ ਧੋਖਾਧੜੀ ਕਰਨ ਵਾਲੇ ਅਨਸਰਾਂ ਨਾਲ ਲੜਦੀ ਰਹੇਗੀ। ਜੈਤੂਨ ਦਾ ਅਸ਼ੁੱਧ ਤੇਲ ਬਣਾਉਣ ਵਾਲਿਆਂ ਸੂਬਿਆਂ ਵਿੱਚ ਸੀਚੀਲੀਆ ਸਭ ਤੋਂ ਅੱਗੇ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਟਲੀ ਪੂਰੀ ਦੁਨੀਆ ਵਿੱਚ ਆਪਣੇ ਵਿਲਖੱਣ ਇਤਿਹਾਸ ਤੇ ਹੋਰ ਖਾਣ-ਪੀਣ ਦੇ ਪਦਾਰਥਾਂ ਲਈ ਮਸ਼ਹੂਰ ਤੇ ਹਰਮਨ ਪਿਆਰਾ ਹੈ ਜਿਹਨਾਂ ਵਿੱਚ ਜੈਤੂਨ ਦੀਆਂ ਵੱਖ-ਵੱਖ ਕਿਸਮਾਂ ਉਗਾਉਣ ਲਈ ਇਟਲੀ ਵਿਸ਼ੇਸ਼ ਮਾਣ ਰੱਖਦਾ ਹੈ। ਜੈਤੂਨ ਐਂਟੀਆਕਸੀਡੈਂਟ ਹੋਣ ਕਾਰਨ ਤੰਦਰੁਸਤੀ ਦੀ ਦੁਨੀਆ ਦਾ ਬੇਤਾਜ ਬਦਸ਼ਾਹ ਹੈ ਸ਼ਾਇਦ ਇਸ ਲਈ ਹੀ ਇਟਲੀ ਜੈਤੂਨ ਜਿਸ ਨੂੰ ਇਟਾਲੀਅਨ ਭਾਸ਼ਾ ਵਿੱਚ ਓਲੀਵਾ ਕਹਿੰਦੇ ਸਨ, ਦੇ ਤੇਲ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana