ਇਟਲੀ : ਜਲਵਾਯੂ ਪਰਿਵਰਤਨ ਕਾਰਨ 11 ਸਾਲਾਂ ''ਚ ਹੋਈਆਂ 23,880 ਮੌਤਾਂ

11/20/2019 10:59:50 AM

ਰੋਮ, (ਕੈਂਥ)— ਪਿਛਲੇ 20 ਸਾਲਾਂ ਦੌਰਾਨ ਆਈਆਂ ਕੁਦਰਤੀ ਆਫ਼ਤਾਂ ਕਾਰਨ ਹੋਏ 48.8 ਖਰਬ ਯੂਰੋ ਤੋਂ ਵੀ ਵੱਧ ਦੇ ਨੁਕਸਾਨ ਦਾ ਝੰਬਿਆ ਯੂਰਪੀਅਨ ਦੇਸ਼ ਇਟਲੀ ਹਾਲੇ ਉੱਠਿਆ ਨਹੀਂ ਸੀ ਕਿ ਇਸ ਸਾਲ ਫਿਰ ਕੁਦਰਤੀ ਕਹਿਰ ਹੜ੍ਹਾਂ ਤੇ ਖਰਾਬ ਮੌਸਮ ਨੇ ਇਟਲੀ ਦੇ ਕਈ ਸ਼ਹਿਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਟਲੀ ਦੀ ਸੰਨ 1980 ਤੋਂ ਹੋਂਦ ਵਿੱਚ ਆਈ ਵਾਤਾਵਰਣ ਸੰਸਥਾ ਲੇਗਮਬਿਅੰਤੇ ਨੇ ਹਾਲ ਹੀ ਵਿੱਚ ਖੁਲ੍ਹਾਸਾ ਕੀਤਾ ਹੈ ਕਿ ਸੰਨ 2018 ਵਿੱਚ 148 ਅਜਿਹੀਆਂ ਅਹਿਮ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 32 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ।

ਸੰਨ 2014 ਤੋਂ ਸੰਨ 2018 ਤੱਕ ਇਕੱਲੇ ਹੜ੍ਹ ਨਾਲ ਹੀ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਤਾਵਰਣ ਸੰਸਥਾ ਲੇਗਮਬਿਅੰਤੇ ਅਨੁਸਾਰ ਦੇਸ਼ ਦੇ ਕਈ ਸ਼ਹਿਰਾਂ ਦਾ ਔਸਤਨ ਤਾਪਮਾਨ ਨਿਰੰਤਰ ਵੱਧ ਰਿਹਾ ਹੈ, ਜਿਸ ਕਾਰਨ ਸੰਨ 2010 ਤੋਂ ਹੁਣ ਤੱਕ ਜਲਵਾਯੂ ਬਦਲਣ ਕਾਰਨ ਹੀ 563 ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ 'ਚ 350 ਸ਼ਹਿਰਾਂ ਦੀਆਂ ਨਗਰ ਕੌਂਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਘਟਨਾਵਾਂ ਵਿੱਚ 4500 ਤੋਂ ਵੱਧ ਲੋਕ ਘਰੋਂ-ਬੇਘਰ ਹੋਏ ਸਨ। ਇਟਲੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਗਰਮੀ ਦਾ ਪ੍ਰਕੋਪ ਵੀ ਵੱਧ ਰਿਹਾ ਹੈ। ਇਸ ਸਾਲ ਗਰਮੀਆਂ 'ਚ ਮਿਲਾਨ ਦਾ ਤਾਪਮਾਨ 1.5 ਡਿਗਰੀ ਵੱਧ, ਬਾਰੀ ਦਾ 1 ਡਿਗਰੀ ਵੱਧ, ਬਲੋਨੀਆ ਦਾ 0.9 ਡਿਗਰੀ ਵੱਧ ਦਰਜ ਕੀਤਾ ਗਿਆ।

ਮੈਦਾਨੀ ਇਲਾਕਿਆਂ ਨਾਲੋਂ ਸ਼ਹਿਰਾਂ ਦਾ ਤਾਪਮਾਨ ਵੱਧ ਰਿਹਾ ਹੈ, ਜਿਸ ਕਾਰਨ ਸ਼ਹਿਰੀ ਲੋਕਾਂ ਦੀ ਸਿਹਤ 'ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇਟਲੀ ਦੇ ਮੁੱਖ 21 ਸ਼ਹਿਰਾਂ ਦਾ ਅਧਿਐਨ ਕੀਤਾ ਗਿਆ ਜਿਨ੍ਹਾਂ ਵਿੱਚ ਸੰਨ 2005 ਤੋਂ ਸੰਨ 2016 ਤੱਕ 23,880 ਲੋਕਾਂ ਦੀ ਮੌਤ ਗਰਮੀ ਕਾਰਨ ਹੋਈ ਹੈ। ਇਟਲੀ ਵਿੱਚ ਸਮੁੰਦਰ ਦਾ ਪੱਧਰ ਵੀ ਵੱਧ ਰਿਹਾ ਹੈ ਜਿਹੜਾ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਟਲੀ ਦੀ ਇੱਕ ਹੋਰ ਸੰਸਥਾ ਇਨੇਆ ਅਨੁਸਾਰ ਸਮੁੰਦਰ ਦਾ ਪੱਧਰ ਵਧਣ ਕਾਰਨ 40 ਖੇਤਰ ਅਜਿਹੇ ਹਨ ਜਿਹੜੇ ਕਿ ਖਤਰੇ ਵਿੱਚ ਹਨ। ਕੇਂਦਰੀ ਮੌਸਮ ਵਿਭਾਗ ਦੇ ਸਰਵੇ ਅਨੁਸਾਰ ਜੇਕਰ ਇਟਲੀ ਵਿੱਚ ਗਲੇਸ਼ੀਅਰ ਵੀ ਨਿਰੰਤਰ ਪਿਘਲਦੇ ਰਹੇ ਤਾਂ ਸੰਨ 2050 ਤੱਕ 300 ਮਿਲੀਅਨ ਲੋਕ ਸਮੁੰਦਰ ਵਿੱਚ ਡੁੱਬ ਜਾਣਗੇ। ਮੌਜੂਦਾ ਹਾਲਾਤਾਂ ਅਨੁਸਾਰ ਇਟਲੀ ਦੇ ਕਈ ਇਲਾਕਿਆਂ ਵਿੱਚ ਖਰਾਬ ਮੌਸਮ ਤੇ ਤੇਜ਼ ਮੀਂਹ ਦੇ ਚੱਲਦਿਆਂ ਹੜ੍ਹਾਂ ਵਰਗੇ ਹਾਲਤ ਬਣੇ ਹੋਏ ਹਨ। ਇਸ ਸਮੇਂ ਇਟਲੀ ਦੇ ਵੀਨੇਸ਼ੀਆ ਅਤੇ ਲਾਗੂਨਾ ਇਲਾਕੇ ਸਭ ਤੋਂ ਵੱਧ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਇਟਲੀ ਸਰਕਾਰ ਨੇ 65 ਮਿਲੀਅਨ ਯੂਰੋ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਇਲਾਕਿਆਂ ਦੇ 46 ਸ਼ਹਿਰ ਹੜ੍ਹਾਂ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ ।