ਇਹ ਭਾਰਤੀਆਂ ਦਾ ਪਸੰਦੀਦਾ ਅਤੇ ਦੁਨੀਆ ਦਾ ਸਭ ਤੋਂ ਵੱਡਾ ''ਸਮੋਸਾ'', ਤਸਵੀਰਾਂ ''ਚ ਦੇਖੋ ਕਿਉਂ ਹੈ ਖਾਸ

08/23/2017 5:58:19 PM

ਲੰਡਨ— ਸਮੋਸੇ ਦਾ ਨਾਂ ਸੁਣ ਕੇ ਭਾਰਤੀਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਖਾਸ ਕਰ ਕੇ ਜਦੋਂ ਅਸੀਂ ਵਿਦੇਸ਼ ਜਾਂਦੇ ਹਾਂ ਤਾਂ ਸਮੋਸੇ ਨੂੰ ਮਿਸ ਜ਼ਰੂਰ ਕਰਦੇ ਹਾਂ। ਜੇਕਰ ਵਿਦੇਸ਼ ਵਿਚ ਕਿਸੇ ਰੈਸਟੋਰੈਂਟ ਵਿਚ ਸਮੋਸਾ ਨਜ਼ਰ ਆ ਜਾਵੇ ਤਾਂ ਸਾਡਾ ਮਨ ਕਰਦਾ ਹੈ ਕਿ ਕਿਉਂ ਨਾ ਇਸ ਦਾ ਸਵਾਦ ਲਿਆ ਜਾਵੇ। ਭਾਰਤ ਤੋਂ ਹਜ਼ਾਰਾਂ ਮੀਲ ਦੂਰ ਲੰਡਨ 'ਚ ਸਮੋਸਾ ਸੁਰਖੀਆਂ ਵਿਚ ਹੈ। ਉਥੋਂ ਦੇ ਟੀ. ਵੀ. ਚੈਨਲਾਂ ਅਤੇ ਅਖਬਾਰਾਂ ਵਿਚ ਇਸ ਖਾਸ ਸਮੋਸੇ ਦੀ ਚਰਚਾ ਹੋ ਰਹੀ ਹੈ। 
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਸਮੋਸੇ ਦੀ ਆਖਰਕਾਰ ਚਰਚਾ ਕਿਉਂ ਹੋ ਰਹੀ ਹੈ। ਦਰਅਸਲ ਇਹ ਸਮੋਸਾ ਥੋੜ੍ਹਾ ਵੱਖਰਾ ਹੈ। ਮੰਗਲਵਾਰ ਯਾਨੀ ਕਿ ਕੱਲ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਦੁਨੀਆ ਦੇ ਸਭ ਤੋਂ ਵੱਡੇ ਸਮੋਸੇ ਨੂੰ ਲੋਕਾਂ ਨੇ ਦੇਖਿਆ। ਇਸ ਦਾ ਵਜ਼ਾਨ 153 ਕਿਲੋਗ੍ਰਾਮ ਸੀ। 
ਇਸ ਵੱਡੇ ਆਕਾਰ ਦੇ ਸਮੋਸੇ ਨੂੰ ਪੂਰਬੀ ਲੰਡਨ ਦੀ ਇਕ ਮਸਜਿਦ 'ਚ ਤਿਆਰ ਕੀਤਾ ਗਿਆ ਸੀ। ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨ ਨੇ ਇਸ ਦਾ ਨਿਰਮਾਣ ਕੀਤਾ ਸੀ। ਇਸ ਸਮੋਸੇ ਨੂੰ ਬਣਾਉਣ ਦੌਰਾਨ ਮਸਜਿਦ ਵਿਚ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਦੇ ਕਰਮਚਾਰੀ ਉੱਥੇ ਮੌਜੂਦ ਰਹੇ। ਸਮੋਸੇ ਦਾ ਸਵਾਦ ਲੈਣ ਤੋਂ ਬਾਅਦ ਕਰਮਚਾਰੀ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਮੋਸਾ ਹੋਣ ਦਾ ਖਿਤਾਬ ਦੇ ਦਿੱਤਾ। ਖਾਸ ਗੱਲ ਇਹ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਸਮੋਸੇ ਦਾ ਸਵਾਦ ਲੈਣ ਦੇ ਏਵਜ਼ ਵਿਚ ਹੋਈ ਕਮਾਈ ਮੁਸਲਿਮ ਸਮਾਜ ਦੇ ਲੋਕਾਂ ਦੀ ਤਰੱਕੀ 'ਤੇ ਖਰਚ ਕੀਤੀ ਜਾਵੇਗੀ। 
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਗਲੈਂਡ ਵਿਚ ਹੀ ਸਾਲ 2012 'ਚ 110 ਕਿਲੋ ਦਾ ਸਮੋਸਾ ਤਿਆਰ ਕੀਤਾ ਗਿਆ ਸੀ। ਇਸ ਵਾਰ ਮਸਜਿਦ ਦੇ ਲੋਕਾਂ ਨੇ ਇਸ ਰਿਕਾਰਡ ਨੂੰ ਆਪਣੇ ਨਾਂ ਲਿਆ।