ਗੈਰ-ਕਾਨੂੰਨੀ ਸਰਗਰਮੀਆਂ ''ਚ ਸ਼ਾਮਲ ਪੀ.ਐੱਮ. ਓਲੀ ਦਾ ਆਈ.ਟੀ. ਸਲਾਹਕਾਰ

08/20/2020 12:50:11 AM

ਕਾਠਮੰਡੂ - ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦਾ ਆਈ.ਟੀ. ਸਲਾਹਕਾਰ ਅਸਗਰ ਅਲੀ ਕਈ ਗੈਰ-ਕਾਨੂਨੀ ਸਰਗਰਮੀਆਂ 'ਚ ਸ਼ਾਮਲ ਰਿਹਾ ਹੈ। ਨੇਪਾਲ ਦੇ ਇੱਕ ਨਿਊਜ਼ ਪੋਰਟਲ ਦੇ ਅਨੁਸਾਰ ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਸੂਚਨਾਵਾਂ ਇਕੱਠੇ ਕਰਨ ਤੋਂ ਲੈ ਕੇ ਨਿਊਜ਼ ਪੋਰਟਲਾਂ ਨੂੰ ਹੈਕ ਕਰਨ ਦਾ ਕੰਮ ਕਰ ਰਿਹਾ ਹੈ। ਇਹ ਸਭ ਉਹ ਪ੍ਰਧਾਨ ਮੰਤਰੀ ਦਾ ਕਰੀਬੀ ਹੋਣ ਦਾ ਫਾਇਦਾ ਚੁੱਕਦੇ ਹੋਏ ਕਰ ਰਿਹਾ ਹੈ।

ਖਬਰਹੱਬ ਡਾਟ ਕਾਮ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਆਰਥਿਕ ਲਾਭ ਲਈ ਅਲੀ ਵਰਗੇ ਲੋਕਾਂ ਵੱਲੋਂ ਡਾਟਾ ਇਕੱਠਾ ਕਰਨ ਵਰਗੀ ਸਰਗਰਮੀਆਂ ਲੋਕਾਂ ਦੀ ਨਿੱਜਤਾ ਦੇ ਨਾਲ ਸਮਝੌਤਾ ਕਰਨ ਵਾਲੀਆਂ ਹਨ। ਤਾਨਾਸ਼ਾਹੀ ਸਰਕਾਰ ਇਸ ਡਾਟਾ ਦਾ ਇਸਤੇਮਾਲ ਲੋਕਾਂ 'ਤੇ ਵੱਡੇ ਪੱਧਰ 'ਤੇ ਨਿਗਰਾਨੀ ਰੱਖਣ ਲਈ ਵੀ ਕਰ ਸਕਦੀ ਹੈ।  

ਇਸ ਰਿਪੋਰਟ ਦੇ ਅਨੁਸਾਰ, ਅਲੀ ਦੀ ਕੰਪਨੀ ਨੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਰਕਾਰ ਦੇ ਜ਼ਿਆਦਾਤਰ ਆਈ.ਟੀ. ਠੇਕਿਆਂ 'ਤੇ ਕਬਜ਼ਾ ਕਰਦੇ ਹੋਏ ਬੈਂਕ ਅਤੇ ਕੁੱਝ ਹੋਰ ਸੰਗਠਨਾਂ ਤੱਕ ਇੱਕ ਹੀ ਸਰਵਰ ਅਤੇ ਇੱਕ ਹੀ ਆਈ.ਪੀ. ਦਾ ਇਸਤੇਮਾਲ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਅਲੀ ਦੀਆਂ ਜ਼ਿਆਦਾਤਰ ਕੰਪਨੀਆਂ 20 ਅਰਬ ਰੁਪਏ ਤੋਂ ਜ਼ਿਆਦਾ ਦੇ ਠੇਕਿਆਂ 'ਚ ਸ਼ਾਮਲ ਹਨ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਅਲੀ ਚੀਨ ਦੇ ਨਾਲ ਮਿਲ ਕੇ ਨੇਪਾਲ 'ਚ ਹੁਵੇਈ ਨੂੰ 5ਜੀ ਨੈੱਟਵਰਕ ਸਰਵਿਸ ਦਾ ਠੇਕਾ ਦਿਵਾਉਣ ਦੀ ਫਿਰਾਕ 'ਚ ਹੈ ਤਾਂਕਿ ਨੇਪਾਲ ਦੇ ਕਮਿਉਨਿਕੇਸ਼ਨ ਸਿਸਟਮ ਨੂੰ ਚੀਨ ਕੰਟਰੋਲ ਕਰ ਸਕੇ। ਰਿਪੋਰਟ ਦੇ ਅਨੁਸਾਰ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦਾ ਆਈ.ਟੀ. ਸਲਾਹਕਾਰ ਬਣਨ ਤੋਂ ਬਾਅਦ ਹੀ ਅਸਗਰ ਅਲੀ ਦੇ ਕੰਮ ਨੇ ਰਫਤਾਰ ਫੜੀ ਸੀ।

Inder Prajapati

This news is Content Editor Inder Prajapati