ਤੰਦਰੁਸਤੀ ਲਈ 3 ਮਿੰਟ ਦੌੜਨਾ ਫਾਇਦੇਮੰਦ

09/29/2017 4:05:44 AM

ਮੈਲਬੋਰਨ - ਤੰਦਰੁਸਤ ਰਹਿਣ ਲਈ ਜਿਮ ਵਿਚ ਘੰਟਿਆਂਬੱਧੀ ਪਸੀਨਾ ਵਹਾਉਣ ਦੀ ਲੋੜ ਨਹੀਂ। ਤੁਸੀਂ ਰੋਜ਼ ਤਿੰਨ ਮਿੰਟ ਤੱਕ ਤੇਜ਼ ਰਫਤਾਰ ਨਾਲ ਦੌੜ ਕੇ, ਸਾਈਕਲ ਚਲਾ ਕੇ ਜਾਂ ਫਿਰ ਰੱਸੀ ਟੱਪ ਕੇ ਵੀ ਮੋਟਾਪੇ, ਟਾਈਪ-2 ਡਾਇਬਟੀਜ਼, ਦਿਲ ਦੇ ਰੋਗ, ਸਟ੍ਰੋਕ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਘਟਾ ਸਕਦੇ ਹੋ। ਆਸਟ੍ਰੇਲੀਆ ਦੇ ਮਸ਼ਹੂਰ ਫਿਜ਼ੀਓਥੈਰੇਪਿਸਟ ਕੁਸ਼ਲ ਗੁਣਵਰਦਨਾ ਨੇ 200 ਲੋਕਾਂ ਦੀ ਸਿਹਤ 'ਤੇ ਤੇਜ਼ ਰਫਤਾਰ ਦੀ ਕਸਰਤ ਦਾ ਅਸਰ ਮੁਲਾਂਕਣ ਤੋਂ ਬਾਅਦ ਇਹ ਸਲਾਹ ਦਿੱਤੀ ਹੈ। ਉਨ੍ਹਾਂ ਪਾਇਆ ਕਿ ਰੋਜ਼ ਤਿੰਨ ਮਿੰਟ ਤੱਕ ਬਿਨਾਂ ਰੁਕੇ ਤੇਜ਼ ਰਫਤਾਰ ਨਾਲ ਟ੍ਰੇਡਮਿਲ 'ਤੇ ਦੌੜਨਾ, ਸਾਈਕਲਿੰਗ ਕਰਨਾ ਅਤੇ ਰੱਸੀ ਟੱਪਣਾ 30 ਮਿੰਟ ਟਹਿਲਣ ਜਾਂ ਜੌਗਿੰਗ ਕਰਨ ਜਿੰਨਾ ਹੀ ਫਾਇਦੇਮੰਦ ਹੈ। ਇਸ ਨਾਲ ਨਾ ਸਿਰਫ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰਾਲ ਅਤੇ ਦਿਲ ਦੀ ਰਫਤਾਰ ਕੰਟਰੋਲ ਰੱਖਣ ਵਿਚ ਮਦਦ ਮਿਲਦੀ ਹੈ, ਸਗੋਂ ਦਿਮਾਗ ਵਿਚ ਸਟ੍ਰੈੱਸ ਹਾਰਮੋਨ ਕੋਰਟੀਸੋਲ ਦੇ ਉਤਪਾਦਨ 'ਤੇ ਲਗਾਮ ਲੱਗਣ ਨਾਲ ਡਿਪ੍ਰੈਸ਼ਨ ਦੀ ਬੀਮਾਰੀ ਦੂਰ ਰਹਿੰਦੀ ਹੈ, ਇਹੀ ਨਹੀਂ, ਸਰੀਰ 'ਚ ਕਸਰਤ ਕਰਨ ਦੀ ਇੱਛਾ ਵੀ ਪੈਦਾ ਹੁੰਦੀ ਹੈ।