''ਪਿਆਰ ਨਾਲ'' ਸੁਲਝ ਗਿਆ ਹੈ ਪਾਕਿਸਤਾਨੀ ਸਿੱਖ ਲੜਕੀ ਦਾ ਮਸਲਾ: ਪੰਜਾਬ ਗਵਰਨਰ

09/04/2019 3:16:10 PM

ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਸਿੱਖ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਤੇ ਫਿਰ ਉਸ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਵਾਉਣ ਦਾ ਮਸਲਾ ਦੋਵਾਂ ਪਰਿਵਾਰਾਂ ਵਿਚਾਲੇ 'ਪਿਆਰ ਨਾਲ' ਸੁਲਝ ਗਿਆ ਹੈ। ਇਹ ਦਾਅਵਾ ਹੈ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦਾ।

ਸ਼ੁੱਕਰਵਾਰ ਨੂੰ ਵਾਇਰਲ ਹੋਈ ਵੀਡੀਓ 'ਚ ਲੜਕੀ, ਜਗਜੀਤ ਕੌਰ ਦੇ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ ਤੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਉਮਰ 18 ਸਾਲ ਹੈ। ਇਸ ਮਾਮਸੇ 'ਚ 6 ਵਿਅਕਤੀਆਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਤੇ ਸ਼ੱਕੀ ਮੁਹੰਮਦ ਹਸਨ, ਜਿਸ ਨੇ ਸਿੱਖ ਲੜਕੀ ਨਾਲ ਵਿਆਹ ਕਰਵਾ ਲਿਆ ਸੀ, ਦੇ ਦੋਸਤ ਅਰਸਾਲਾਨ ਨਾਂ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਲੜਕੀ, ਜੋ ਕਿ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ 'ਚ ਇਕ ਸਿੱਖ ਗ੍ਰੰਥੀ ਦੀ ਧੀ ਹੈ, ਨੇ ਕਿਹਾ ਹੈ ਕਿ ਉਸ ਨੇ ਆਪਣੇ ਇਲਾਕੇ ਦੇ ਹਸਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਅਦਾਲਤ ਦੇ ਹੁਕਮਾਂ 'ਤੇ ਉਸ ਨੂੰ ਦਾਰੂਲ ਅਮਨ (ਸ਼ੈਲਟਰ ਹੋਮ) ਭੇਜ ਦਿੱਤਾ ਗਿਆ। ਲੜਕੀ ਨੇ ਸ਼ਨੀਵਾਰ ਨੂੰ ਸਰਵਰ ਦੀ ਆਪਣੇ ਪਰਿਵਾਰ ਕੋਲ ਜਾਣ ਦੀ ਅਪੀਲ ਨੂੰ ਇਹ ਕਹਿੰਦਿਆ ਖਾਰਿਜ ਕਰ ਦਿੱਤਾ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ।

ਮੰਗਲਵਾਰ ਨੂੰ ਇਕ ਵੀਡੀਓ ਟਵੀਟ 'ਚ, ਸਰਵਰ ਨੇ ਕੌਰ ਤੇ ਹਸਨ ਦੋਵਾਂ ਦੇ ਪਿਤਾਵਾਂ ਦੇ ਹਵਾਲੇ ਨਾਲ, ਕਿਹਾ ਕਿ ਇਹ ਮਸਲਾ 'ਪਿਆਰ ਨਾਲ' ਸਬੰਧਤ ਪਰਿਵਾਰਾਂ ਵਲੋਂ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੋਵਾਂ ਪਰਿਵਾਰਾਂ ਦਾ ਰਾਜਪਾਲ ਰਿਹਾਇਸ਼ ਆਉਣ 'ਤੇ ਧੰਨਵਾਦ ਕੀਤਾ।“ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖ ਲੜਕੀ ਸੁਰੱਖਿਅਤ ਹੈ ਤੇ ਆਪਣੇ ਪਰਿਵਾਰ ਦੇ ਸੰਪਰਕ 'ਚ ਹੈ। ਅਸੀਂ ਪਾਕਿਸਤਾਨ 'ਚ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣਾ ਜਾਰੀ ਰੱਖਾਂਗੇ। ਸਰਵਰ ਨੇ ਹਸਨ ਦੇ ਪਿਤਾ ਨੂੰ ਵੀਡੀਓ 'ਚ ਬੋਲਣ ਦੀ ਬੇਨਤੀ ਕੀਤੀ। ਹਸਨ ਦੇ ਪਿਤਾ ਨੇ ਕਿਹਾ ਕਿ ਅਸੀਂ ਕੇਸ ਤੋਂ ਪਿੱਛੇ ਹਟ ਜਾਂਦੇ ਹਾਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ, ਜੇਕਰ ਲੜਕੀ ਜਗਜੀਤ ਆਪਣੇ ਪਰਿਵਾਰ ਨਾਲ ਜਾਂਦੀ ਹੈ। ਹਾਲਾਂਕਿ, ਇਸ ਦੌਰਾਨ ਕੌਰ ਦੇ ਪਿਤਾ ਤੇ ਭਰਾ ਇਸ ਦੌਰਾਨ ਕੁਝ ਨਹੀਂ ਬੋਲੇ। ਸੁਰੱਖਿਆ ਕਾਰਨਾਂ ਕਰਕੇ ਲੜਕੀ ਨੂੰ ਸੋਮਵਾਰ ਨੂੰ ਵਿਸ਼ੇਸ਼ ਨਿਆਂਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਿਆ।

ਲਾਹੌਰ ਹਾਈ ਕੋਰਟ ਨੇ ਸੋਮਵਾਰ ਨੂੰ ਹਸਨ ਨੂੰ 7 ਸਤੰਬਰ ਤੱਕ ਜ਼ਮਾਨਤ ਦੇ ਦਿੱਤੀ ਹੈ। ਹਸਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲੜਕੀ ਨੇ ਆਪਣੀ ਮਰਜ਼ੀ ਨਾਲ ਹਸਨ ਨਾਲ ਵਿਆਹ ਕਰਵਾਇਆ ਸੀ ਇਸ ਲਈ ਉਸ ਦੇ ਪਰਿਵਾਰ ਨੇ ਹਸਨ ਤੇ ਹੋਰਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਵਕੀਲ ਨੇ ਕਿਹਾ ਕਿ ਕੌਰ ਨੇ ਪਹਿਲਾਂ ਹੀ ਕਬੂਲ ਕੀਤਾ ਹੈ ਕਿ ਉਸ ਨੇ ਬਿਨਾਂ ਕਿਸੇ ਜ਼ਬਰਦਸਤੀ ਦੇ ਇਸਲਾਮ ਕਬੂਲ ਕਰਕੇ ਹਸਨ ਨਾਲ ਵਿਆਹ ਕੀਤਾ ਹੈ।

ਪੁਲਸ ਨੇ ਇਸ ਮਾਮਲੇ ਦੇ ਸਬੰਧ 'ਚ ਸ਼ਨੀਵਾਰ ਨੂੰ ਹਸਨ ਦੇ 10 ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੀ ਹਿਰਾਸਤ 'ਚ ਲਿਆ ਸੀ। ਅਜਿਹੀਆਂ ਖ਼ਬਰਾਂ ਹਨ ਕਿ ਗਵਰਨਰ ਹਾਊਸ ਵਿਖੇ ਦੋਵਾਂ ਪਰਿਵਾਰਾਂ 'ਚ ਹੋਏ ਸਮਝੌਤੇ ਤੋਂ ਬਾਅਦ, ਪੁਲਸ ਨੇ ਹਿਰਾਸਤ 'ਚ ਲਏ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਰਿਹਾਅ ਕਰ ਦਿੱਤਾ ਹੈ।

Baljit Singh

This news is Content Editor Baljit Singh