ਸੀਰੀਆ 'ਚ ਹਮਲੇ ਤੋਂ ਬਾਅਦ ਇਜ਼ਰਾਇਲੀ ਐਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ

02/10/2018 5:18:12 PM

ਯੇਰੂਸ਼ਲਮ(ਬਿਊਰੋ)— ਇਜ਼ਰਾਇਲ ਦਾ ਇਕ ਲੜਾਕੂ ਜਹਾਜ਼ ਸੀਰੀਆ ਵਿਚ ਕੁੱਝ ਈਰਾਨੀ ਟਿਕਾਣਿਆਂ 'ਤੇ ਹਮਲਾ ਕਰਨ ਦੌਰਾਨ ਸੀਰਿਆਈ ਹਵਾਈ ਰੱਖਿਆ ਪ੍ਰਣਾਲੀ ਦੇ ਨਿਸ਼ਾਨੇ 'ਤੇ ਆਉਣ ਤੋਂ ਬਾਅਦ ਅੱਜ ਹਾਦਸਾਗ੍ਰਸਤ ਹੋ ਗਿਆ। ਦੋਵਾਂ ਪੱਖਾਂ ਵਿਚਕਾਰ ਗੋਲੀਬਾਰੀ ਸੀਰੀਆ ਵਿਚ 2011 ਤੋਂ ਗ੍ਰਹਿ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ ਚਿਰ ਵਿਰੋਧੀ ਇਜ਼ਰਾਇਲ ਅਤੇ ਈਰਾਨ ਵਿਚਕਾਰ ਸਭ ਤੋਂ ਗੰਭੀਰ ਹੈ। ਸੀਰੀਆ ਵਿਚ ਗ੍ਰਹਿ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ ਇਜ਼ਰਾਇਲ ਨੇ ਪਹਿਲੀ ਵਾਰ ਉੱਥੇ ਈਰਾਨੀ ਟਿਕਾਣੀਆਂ 'ਤੇ ਹਮਲਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਜ਼ਰਾਇਲੀ ਫੌਜ ਨੇ ਤਹਿਰਾਨ ਨੂੰ ਚਿਤਾਵਨੀ ਜਾਰੀ ਕੀਤੀ। ਉਸ ਨੇ ਕਿਹਾ ਕਿ ਇਜ਼ਰਾਇਲ ਵਿਚ ਦਾਖਲ ਹੋਣ ਵਾਲੇ ਡਰੋਨ ਲਈ ਉਹ ਜ਼ਿੰਮੇਦਾਰ ਹੈ। ਇਜ਼ਰਾਇਲ ਨੇ ਗੁਆਂਢੀ ਸੀਰੀਆ ਵਿਚ ਈਰਾਨੀ ਬਲਾਂ ਦੀ ਮੌਜੂਦਗੀ ਵਿਰੁੱਧ ਹਾਲ ਹੀ ਦੇ ਹਫਤਿਆਂ ਵਿਚ ਵਾਰ-ਵਾਰ ਚਿਤਾਵਨੀ ਜਾਰੀ ਕੀਤੀ ਹੈ। ਹਾਦਸਾਗ੍ਰਸਤ ਐਫ-16 ਦੇ ਪਾਇਲਟ ਸੁਰੱਖਿਅਤ ਹਨ।

ਇਜ਼ਰਾਇਲ ਦੀ ਫੌਜ ਦੇ ਬੁਲਾਰੇ ਲੈਫਟੀਨੈਂਟ ਜੋਨਥਨ ਕੋਨਰਿਕਸ ਨੇ ਟਵੀਟ ਕੀਤਾ, ''ਆਈ.ਡੀ.ਐਫ (ਇਜ਼ਰਾਇਲੀ ਸੁਰੱਖਿਆ ਬਲਾਂ) ਨੇ ਸੀਰੀਆ ਵਿਚ ਈਰਾਨੀ ਕੰਟਰੋਲ ਸਿਸਟਮ ਨੂੰ ਨਿਸ਼ਾਨਾ ਬਣਾਇਆ, ਜਿਸ ਨੇ ਇਜ਼ਰਾਇਲੀ ਹਵਾਈ ਸਰਹੱਦ ਵਿਚ ਯੂ. ਏ. ਵੀ (ਡਰੋਨ) ਭੇਜਿਆ ਸੀ। ਸੀਰੀਆ ਵੱਲੋਂ ਜਹਾਜ਼ ਨੂੰ ਨਸ਼ਟ ਕਰਨ ਲਈ ਕੀਤੇ ਗਏ ਹਮਲਿਆਂ ਵਿਚ ਇਜ਼ਰਾਇਲ ਦਾ ਇਕ ਐਫ-16 ਜਹਾਜ਼ ਹਾਸਦਾਗ੍ਰਸਤ ਹੋ ਗਿਆ। ਉਥੇ ਹੀ ਪਾਇਲਟ ਸੁਰੱਖਿਅਤ ਹਨ।''  ਫੌਜ ਵੱਲੋਂ ਜਾਰੀ ਇਕ ਵੱਖ ਬਿਆਨ ਅਨੁਸਾਰ ਇਜ਼ਰਾਇਲੀ ਬਲਾਂ ਨੇ ਸੀਰੀਆ ਤੋਂ ਛੱਡੇ ਗਏ ਇਕ 'ਈਰਾਨੀ ਯੂ.ਏ.ਵੀ' ਦੀ ਪਛਾਣ ਕੀਤੀ ਹੈ ਅਤੇ ਇਕ ਲੜਾਕੂ ਹੈਲੀਕਾਪਟਰ ਨਾਲ ਇਜ਼ਰਾਇਲੀ ਹਵਾਈ ਖੇਤਰ ਵਿਚ ਉਸਨੂੰ ਰੋਕਿਆ ਗਿਆ। ਪੁਲਸ ਨੇ ਦੱਸਿਆ ਕਿ ਐਫ-16 ਉੱਤਰੀ ਇਜ਼ਰਾਇਲ ਦੇ ਜੇਜਰੀਲ ਵਿਚ ਹਾਦਸਾਗ੍ਰਸਤ ਹੋਇਆ। ਦੱਸਿਆ ਗਿਆ ਹੈ ਕਿ ਹਮਲੇ ਦੌਰਾਨ ਆਈ. ਏ. ਐਫ (ਇਜ਼ਰਾਇਲੀ ਹਵਾਈ ਫੌਜ) ਦੇ ਜਹਾਜ਼ 'ਤੇ ਕਈ ਐਂਟੀ ਏਅਰਕਰਾਫਟ ਮਿਜ਼ਾਇਲਾਂ ਦਾਗੀਂਆਂ ਗਈਆਂ ਅਤੇ ਪਾਇਲਟਾਂ ਵਿਚੋਂ 1 ਨੇ ਪ੍ਰਕਿਰਿਆ ਦੇ ਅਨੁਸਾਰ ਜਹਾਜ਼ ਨੂੰ ਛੱਡ ਦਿੱਤਾ।'' ਪਾਇਲਟ ਇਜ਼ਰਾਇਲੀ ਭੂਭਾਗ ਵਿਚ ਉਤੱਰਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਹੈ।''