ਇਜ਼ਰਾਈਲ ਨੇ ਭੂਮੱਧ ਸਾਗਰ ਉੱਪਰ ਹਿਜ਼ਬੁੱਲਾ ਦੇ 3 ਡਰੋਨਾਂ ਨੂੰ ਡੇਗਿਆ, ਚਿਤਵਨੀ ਦਿੰਦਿਆਂ ਕਿਹਾ- ਸਾਨੂੰ ਨਾ ਪਰਖੋ

07/04/2022 1:11:55 PM

ਯੇਰੂਸ਼ਲਮ (ਏਜੰਸੀ)- ਇਜ਼ਰਾਈਲੀ ਫ਼ੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਉਸ ਖੇਤਰ ਵੱਲ ਜਾ ਰਹੇ 3 ਮਨੁੱਖ ਰਹਿਤ ਜਹਾਜ਼ਾਂ ਨੂੰ ਡੇਗ ਦਿੱਤਾ, ਜਿੱਥੇ ਹਾਲ ਹੀ ’ਚ ਭੂਮੱਧ ਸਾਗਰ ਵਿਚ ਇਕ ਇਜ਼ਰਾਈਲੀ ਗੈਸ ਪਲੇਟਫਾਰਮ ਸਥਾਪਤ ਕੀਤਾ ਗਿਆ ਸੀ। ਡਰੋਨ ਭੇਜਣ ਨੂੰ ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਉਨ੍ਹਾਂ ਦੀ ਸਮੁੰਦਰੀ ਸੀਮਾ ਨੂੰ ਲੈ ਕੇ ਅਮਰੀਕਾ ਦੀ ਵਿਚੋਲਗੀ ਵਾਲੀ ਗੱਲਬਾਤ ਨੂੰ ਪ੍ਰਭਾਵਿਤ ਕਰਨ ਦੀ ਹਿਜ਼ਬੁੱਲਾ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਮੁੰਦਰੀ ਸੀਮਾ ਵਿਚ ਕੁਦਰਤੀ ਗੈਸ ਵੱਡੀ ਮਾਤਰਾ ਵਿਚ ਪਾਈ ਜਾਂਦੀ ਹੈ।

ਇਹ ਵੀ ਪੜ੍ਹੋ: ਡੈਨਮਾਰਕ 'ਚ ਮਾਲ ਦੇ ਅੰਦਰ ਗੋਲੀਬਾਰੀ ਨਾਲ ਮਚੀ ਹਫੜਾ-ਦਫੜੀ, ਤਿੰਨ ਲੋਕਾਂ ਦੀ ਮੌਤ

ਇਜ਼ਰਾਈਲ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਯੇਅਰ ਲੈਪਿਡ ਨੇ ਇਸ ਘਟਨਾ ਨੂੰ ਲੈ ਕੇ ਸਖ਼ਤ ਚੇਤਾਵਨੀ ਦਿੱਤੀ ਹੈ। ਸ਼ੁੱਕਰਵਾਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰ ਨੂੰ ਆਪਣੇ ਪਹਿਲੇ ਸੰਬੋਧਨ ਵਿਚ ਲੈਪਿਡ ਨੇ ਕਿਹਾ, 'ਇਸ ਸਮੇਂ ਮੈਂ ਤੁਹਾਡੇ ਸਾਹਮਣੇ ਖੜ੍ਹਾ ਹੋ ਕੇ ਗਾਜ਼ਾ ਤੋਂ ਲੈ ਕੇ ਤਹਿਰਾਨ ਤੱਕ, ਲੇਬਨਾਨ ਦੇ ਤੱਟਾਂ ਤੋਂ ਲੈ ਕੇ ਸੀਰੀਆ ਤੱਕ ਸਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਰੇਕ ਨੂੰ ਕਹਿ ਰਿਹਾ ਹਾਂ: ਸਾਨੂੰ ਨਾ ਪਰਖੋ।' ਉਨ੍ਹਾਂ ਕਿਹਾ ਕਿ ਇਜ਼ਰਾਈਲ ਜਾਣਦਾ ਹੈ ਕਿ ਹਰ ਖਤਰੇ, ਹਰ ਦੁਸ਼ਮਣ ਵਿਰੁੱਧ ਆਪਣੀ ਤਾਕਤ ਦੀ ਵਰਤੋਂ ਕਿਵੇਂ ਕਰਨੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ ਨੌਜਵਾਨ ਦਾ ਕਤਲ

ਇਜ਼ਰਾਈਲ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਰਿਸ਼ ਗੈਸ ਖੇਤਰ ਵਿਚ ਇਕ ਗੈਸ ਰਿਗ ਸਥਾਪਿਤ ਕੀਤਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਗੈਸ ਖੇਤਰ ਉਸ ਦੇ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਆਰਥਿਕ ਜਲ ਖੇਤਰ ਦੇ ਅੰਦਰ ਆਉਂਦਾ ਹੈ ਪਰ ਲੇਬਨਾਨ ਦਾਅਵਾ ਕਰਦਾ ਹੈ ਕਿ ਇਹ ਵਿਵਾਦਿਤ ਜਲ ਖੇਤਰ ਵਿਚ ਹੈ। ਹਿਜ਼ਬੁੱਲਾ ਨੇ ਇਕ ਸੰਖੇਪ ਬਿਆਨ ਜਾਰੀ ਕਰ ਕੇ ਪੁਸ਼ਟੀ ਕੀਤੀ ਕਿ ਉਸ ਨੇ ਇਕ ਜਾਸੂਸੀ ਮਿਸ਼ਨ ’ਤੇ ਕਰਿਸ਼ ਖੇਤਰ ਵਿਚ ਵਿਵਾਦਤ ਸਮੁੰਦਰੀ ਖੇਤਰ ਵੱਲ ਬਿਨਾਂ ਹਥਿਆਰਾਂ ਦੇ ਡਰੋਨ ਭੇਜੇ ਸਨ। ਉਸ ਨੇ ਕਿਹਾ, 'ਮਿਸ਼ਨ ਪੂਰਾ ਹੋਇਆ ਅਤੇ ਸੰਦੇਸ਼ ਮਿਲ ਗਿਆ।'

ਇਹ ਵੀ ਪੜ੍ਹੋ: ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ ਸਾਹਮਣੇ ਐਡਮਿੰਟਨ ਦੇ ਸਿੱਖ ਵਕੀਲ ਨੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry